ਨਿਊਜ਼ ਪੰਜਾਬ
30 ਸਤੰਬਰ 2025
ਬਠਿੰਡਾ ਦੇ ਪਿੰਡ ਜੀਦਾ ਬੰਬ ਧਮਾਕੇ ਮਾਮਲੇ ’ਚ ਗ੍ਰਿਫ਼ਤਾਰ ਮੁੱਖ ਮੁਲਜ਼ਮ ਗੁਰਪ੍ਰੀਤ ਸਿੰਘ ਨੂੰ ਅੱਜ ਮੁੜ ਬਠਿੰਡਾ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ। ਜਿੱਥੇ ਆਰੋਪੀ ਨੇ ਆਪਣਾ ਜੁਰਮ ਕਬੂਲ ਕਰ ਲਿਆ,ਜਿਸ ਦੇ ਚਲਦੇ ਅਦਾਲਤ ਨੇ ਆਰੋਪੀ ਗੁਰਪ੍ਰੀਤ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਮੁਲਜ਼ਮ ਗੁਰਪ੍ਰੀਤ ਸਿੰਘ ਨੇ ਅਦਾਲਤ ‘ਚ ਆਪਣੇ ਇਕਬਾਲੀਆ ਬਿਆਨ ਦਰਜ ਕਰਵਾਏ ਹਨ। ਗੁਰਪ੍ਰੀਤ ਸਿੰਘ ਪਿੰਡ ਜੀਦਾ ਵਿਖੇ ਆਪਣੇ ਘਰ ‘ਚ ਬੰਬ ਬਣਾ ਰਿਹਾ ਸੀ।
ਫਿਲਹਾਲ ਆਰੋਪੀ ਦਾ ਪੁਲਿਸ ਰਿਮਾਂਡ 30 ਸਤੰਬਰ ਨੂੰ ਖਤਮ ਹੋਣਾ ਸੀ ਪਰੰਤੂ ਪੁਲਿਸ ਨੇ ਇੱਕ ਦਿਨ ਪਹਿਲਾਂ ਹੀ 29 ਸਤੰਬਰ ਨੂੰ ਮੁਲਜ਼ਮ ਗੁਰਪ੍ਰੀਤ ਸਿੰਘ ਨੂੰ ਕੋਰਟ ‘ਚ ਪੇਸ਼ ਕੀਤਾ ਸੀ ਅਤੇ ਆਰੋਪੀ ਨੇ ਆਪਣਾ ਜੁਰਮ ਕਬੂਲ ਕਰ ਲਿਆ। ਜਦੋਂ 29 ਸਤੰਬਰ ਨੂੰ ਪੁਲਿਸ ਦੀ ਟੀਮ ਆਰੋਪੀ ਨੂੰ ਛੱਡਣ ਲਈ ਬਠਿੰਡਾ ਜੇਲ੍ਹ ਗਈ ਪਰ ਲੇਟ ਹੋਣ ਕਾਰਨ ਜੇਲ੍ਹ ਪ੍ਰਸ਼ਾਸ਼ਨ ਨੇ ਅਰੋਪੀ ਨੂੰ ਵਾਪਸ ਭੇਜ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਆਰੋਪੀ ਨੂੰ ਅੱਜ 30 ਸਤੰਬਰ ਨੂੰ ਬਠਿੰਡਾ ਦੀ ਕੇਂਦਰੀ ਜੇਲ੍ਹ ਭੇਜ ਦਿੱਤਾ ਹੈ। ਜਿੱਥੇ ਇਹ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਰਹੇਗਾ।
