ਪ੍ਰਧਾਨ ਮੰਤਰੀ ਮੋਦੀ ਨੇ ਅੱਜ ਰਾਸ਼ਟਰ ਨੂੰ ਸੰਬੋਧਨ ਦੌਰਾਨ GST 2.0  ਦੇ ਲਾਗੂ ਹੋਣ ਦੇ ਦੱਸੇ ਫਾਇਦੇ, ‘ਮੇਡ ਇਨ ਇੰਡੀਆ’ ਦਾ ਦਿੱਤਾ ਨਾਅਰਾ 

ਨਿਊਜ਼ ਪੰਜਾਬ

21 ਸਤੰਬਰ 2025

ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਿਉਹਾਰਾਂ ਦੇ ਮੌਕੇ ’ਤੇ ਹਰ ਘਰ ਵਿੱਚ ਖੁਸ਼ਹਾਲੀ ਤੇ ਮਿੱਠਾਸ ਪਹੁੰਚੇਗੀ। ਉਨ੍ਹਾਂ ਕਿਹਾ ਕਿ ਜੀਐਸਟੀ ਲਾਗੂ ਹੋਣ ਤੋਂ ਬਾਅਦ ਵਪਾਰ ਤੇ ਸਮਾਨ ਭੇਜਣਾ ਬਹੁਤ ਆਸਾਨ ਹੋਇਆ ਹੈ ਅਤੇ ਦਰਜਨਾਂ ਟੈਕਸਾਂ ਦੇ ਜਾਲ ਤੋਂ ਮੁਕਤੀ ਮਿਲੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ “ਆਤਮਨਿਰਭਰ ਭਾਰਤ” ਮੁਹਿੰਮ ਦੇ ਹਿੱਸੇ ਵਜੋਂ 22 ਸਤੰਬਰ ਤੋਂ ਲਾਗੂ ਹੋਣ ਵਾਲੀਆਂ ਨਵੀਆਂ ਜੀਐਸਟੀ ਦਰਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ “ਮੇਡ ਇਨ ਇੰਡੀਆ” ਦਾ ਨਾਅਰਾ ਵੀ ਦਿੱਤਾ।

ਉਨ੍ਹਾਂ ਕਿਹਾ, “ਨਵਰਾਤਰੇ ਦੇ ਪਹਿਲੇ ਦਿਨ, ਸੋਮਵਾਰ ਤੋਂ ਦੇਸ਼ ਵਿੱਚ ਅਗਲੀ ਪੀੜ੍ਹੀ ਦੇ ਜੀਐਸਟੀ ਸੁਧਾਰ ਲਾਗੂ ਕੀਤੇ ਜਾਣਗੇ। ਇੱਕ ਤਰ੍ਹਾਂ ਨਾਲ, ਕੱਲ੍ਹ ਤੋਂ ਦੇਸ਼ ਵਿੱਚ ਜੀਐਸਟੀ ਬੱਚਤ ਤਿਉਹਾਰ ਸ਼ੁਰੂ ਹੋਣ ਜਾ ਰਿਹਾ ਹੈ। ਇਸ ਜੀਐਸਟੀ ਬੱਚਤ ਤਿਉਹਾਰ ਵਿੱਚ ਤੁਹਾਡੀ ਬੱਚਤ ਵਧੇਗੀ ਅਤੇ ਤੁਸੀਂ ਆਪਣੀ ਪਸੰਦ ਦੀਆਂ ਚੀਜ਼ਾਂ ਹੋਰ ਆਸਾਨੀ ਨਾਲ ਖਰੀਦ ਸਕੋਗੇ।”

ਮੋਦੀ ਨੇ ਵਾਅਦਾ ਕੀਤਾ ਕਿ ਹਰ ਸੂਬਾ ਵਿਕਾਸ ਦੀ ਯਾਤਰਾ ਵਿੱਚ ਬਰਾਬਰ ਦਾ ਹਿੱਸੇਦਾਰ ਹੋਵੇਗਾ। ਉਨ੍ਹਾਂ ਕਿਹਾ ਕਿ ਰੋਜ਼ਾਨਾ ਵਰਤੋਂ ਵਾਲੀਆਂ ਵਸਤਾਂ ਉੱਤੇ ਹੁਣ ਕੇਵਲ 5% ਤੋਂ 18% ਜੀਐਸਟੀ ਹੀ ਲਾਗੂ ਹੋਵੇਗਾ, ਜਦੋਂ ਕਿ ਜ਼ਰੂਰੀ ਸਮਾਨ ਜਾਂ ਤਾਂ ਟੈਕਸ-ਫਰੀ ਹੋਵੇਗਾ ਜਾਂ 5% ਜੀਐਸਟੀ ਦੇ ਅਧੀਨ ਆਵੇਗਾ। ਇਸ ਨਾਲ ਆਮ ਲੋਕਾਂ ਦੇ ਸੁਪਨੇ ਪੂਰੇ ਕਰਨੇ ਆਸਾਨ ਹੋਣਗੇ।

ਪ੍ਰਧਾਨ ਮੰਤਰੀ ਨੇ ਸੈਲਾਨੀਆਂ ਲਈ ਖ਼ੁਸ਼ਖ਼ਬਰੀ ਦਿੰਦਿਆਂ ਕਿਹਾ ਕਿ ਹੁਣ ਯਾਤਰਾ ਕਰਨਾ ਅਤੇ ਹੋਟਲਾਂ ਵਿੱਚ ਕਮਰੇ ਲੈਣਾ ਹੋਰ ਵੀ ਸਸਤਾ ਹੋਵੇਗਾ। ਘਰ ਬਣਾਉਣ ਅਤੇ ਦੋ-ਪਹੀਆ ਵਾਹਨ ਖਰੀਦਣ ਵਾਲਿਆਂ ਲਈ ਵੀ ਵੱਡੀ ਰਾਹਤ ਦਾ ਐਲਾਨ ਕੀਤਾ ਗਿਆ ਹੈ। ਮੋਦੀ ਨੇ ਕਿਹਾ ਕਿ ਗਰੀਬਾਂ ਨੂੰ ਹੁਣ “ਡਬਲ ਬੋਨਸ” ਮਿਲੇਗਾ।

ਇਸ ਦੇ ਨਾਲ ਹੀ ਉਨ੍ਹਾਂ ਵੱਡਾ ਦਾਅਵਾ ਕੀਤਾ ਕਿ ਦੇਸ਼ ਵਿੱਚ ਗਰੀਬੀ ਲਗਾਤਾਰ ਘਟ ਰਹੀ ਹੈ ਅਤੇ ਪਿਛਲੇ ਸਮੇਂ ਵਿੱਚ 25 ਕਰੋੜ ਲੋਕ ਗਰੀਬੀ ਦੀ ਲਕੀਰ ਤੋਂ ਉੱਪਰ ਆ ਚੁੱਕੇ ਹਨ, ਜੋ ਕਿ ਦੇਸ਼ ਦੇ ਵਿਕਾਸ ਵੱਲ ਵੱਡਾ ਕਦਮ ਹੈ।