ਪੰਜਾਬ-ਹਰਿਆਣਾ HC ਨੂੰ ਮੁੜ ਮਿਲੀ ਬੰਬ ਦੀ ਧਮਕੀ: ਪੁਲਿਸ ਅਲਰਟ ‘ਤੇ; ਬੰਬ ਸਕੁਐਡ ਨੇ ਚਲਾਈ ਤਲਾਸ਼ੀ ਮੁਹਿੰਮ, ਸੁਰੱਖਿਆ ਵਧਾਈ

ਨਿਊਜ਼ ਪੰਜਾਬ

20 ਅਗਸਤ 2025

ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਇੱਕ ਵਾਰ ਮੁੜ ਤੋਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਈਮੇਲ ਰਾਹੀਂ ਦਿੱਤੀ ਗਈ ਹੈ। ਸੂਚਨਾ ਮਿਲਣ ਤੋਂ ਬਾਅਦ,ਚੰਡੀਗੜ੍ਹ ਪੁਲਿਸ ਤੁਰੰਤ ਅਲਰਟ ਹੋ ਗਈ ਹੈ ਅਤੇ ਡੁੰਘਾਈ ਨਾਲ ਸਰਚ ਆਪਰੇਸ਼ਨ ਚਲਾ ਰਹੀ ਹੈ। ਨਾਲ ਹੀ ਹਾਈ ਕੋਰਟ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ।

ਪੁਲਿਸ, ਬੰਬ ਸਕੁਐਡ ਅਤੇ ਆਪ੍ਰੇਸ਼ਨ ਸੈੱਲ ਟੀਮ ਨੇ ਮੌਕੇ ‘ਤੇ ਪਹੁੰਚ ਕੇ ਪੂਰੇ ਕੈਂਪਸ ਵਿੱਚ ਤਲਾਸ਼ੀ ਮੁਹਿੰਮ ਚਲਾਈ। ਹਾਲਾਂਕਿ, ਹੁਣ ਤੱਕ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ, ਪਰ ਪੁਲਿਸ ਹਰ ਜਗ੍ਹਾ ਬਾਰੀਕੀ ਨਾਲ ਤਲਾਸ਼ੀ ਲੈ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਧਮਕੀ ਭਰੀ ਈਮੇਲ ਹਾਈਕੋਰਟ ਦੇ ਰਜਿਸਟਰਾਰ ਨੂੰ ਭੇਜੀ ਗਈ ਹੈ। ਇਸਤੋਂ ਪਹਿਲਾਂ ਵੀ ਅਜਿਹੀਆਂ ਧਮਕੀਆਂ ਕੋਰਟ ਨੂੰ ਮਿਲ ਚੁੱਕੀਆਂ ਹਨ, ਪਰ ਸਰਚ ਆਪਰੇਸ਼ਨ ਦੌਰਾਨ ਕੁਝ ਬਰਾਮਦ ਨਹੀਂ ਹੋਇਆ ਸੀ। ਪਰ ਪੁਲਿਸ ਕੋਈ ਵੀ ਢਿੱਲ ਨਹੀਂ ਵਰਤਣਾ ਚਾਹੁੰਦੀ ਹੈ। ਇਸ ਲਈ ਕੋਰਟ ਆਉਣ ਵਾਲੇ ਲੋਕਾਂ ਦੀ ਸਖ਼ਤੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਸੁਰੱਖਿਆ ਵੀ ਸਖ਼ਤ ਕਰ ਦਿੱਤੀ ਗਈ ਹੈ।