ਅਮਰੀਕਾ’ਚ ਸਿੱਖ ਬਜ਼ੁਰਗ’ਤੇ ਜਾਨਲੇਵਾ ਹਮਲਾ; ਹਮਲੇ ’ਚ ਦੋਸ਼ੀ ਵਿਅਕਤੀ ਨੂੰ ਸਖ਼ਤ ਤੇ ਮਿਸਾਲੀ ਸਜ਼ਾ ਦੇਣ ਦੀ ਅਪੀਲ : ਜਥੇਦਾਰ ਕੁਲਦੀਪ ਸਿੰਘ ਗੜਗੱਜ

ਨਿਊਜ਼ ਪੰਜਾਬ

13 ਅਗਸਤ 2025

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਮਰੀਕਾ ’ਚ ਕੈਲੀਫੋਰਨੀਆ ਦੇ ਨਾਰਥ ਹੋਲੀਵੁੱਡ ਵਿੱਚ 70 ਸਾਲਾ ਸਿੱਖ ਹਰਪਾਲ ਸਿੰਘ ਉੱਤੇ ਗੰਭੀਰ ਨਫ਼ਰਤੀ ਹਮਲੇ ਦੀ ਕਰੜੀ ਨਿੰਦਾ ਕਰਦਿਆਂ ਕਿਹਾ ਹੈ ਕਿ ਲਾਸ ਐਂਜਲੇਸ ਪੁਲਿਸ ਡਿਪਾਰਟਮੈਂਟ (ਐੱਲ.ਏ.ਪੀ.ਡੀ) ਅਤੇ ਅਮਰੀਕੀ ਜਾਂਚ ਏਜੰਸੀਆਂ ਦੋਸ਼ੀ ਵਿਅਕਤੀ ਨੂੰ ਸਖ਼ਤ ਤੇ ਮਿਸਾਲੀ ਸਜ਼ਾ ਯਕੀਨਾ ਬਣਾਉਣ। ਜਥੇਦਾਰ ਗੜਗੱਜ ਨੇ ਕਿਹਾ ਕਿ ਇਸ ਹਮਲੇ ਦੇ ਪਿੱਛੇ ਦੋਸ਼ੀ ਦੀ ਮਨਸ਼ਾ ਨੂੰ ਸਮਝਣਾ ਅਤਿ ਜ਼ਰੂਰੀ ਹੈ ਅਤੇ ਇਸਨੂੰ ਨਫ਼ਰਤੀ ਅਪਰਾਧ ਵਜੋਂ ਦਰਜ ਕੀਤਾ ਜਾਣਾ ਚਾਹੀਦਾ ਹੈ।

ਅਮਰੀਕਾ ਦੇ ਉੱਤਰੀ ਹਾਲੀਵੁੱਡ ਵਿੱਚ ਇੱਕ 70 ਸਾਲਾ ਸਿੱਖ ਵਿਅਕਤੀ ‘ਤੇ ਉਸ ਸਮੇਂ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਜਦੋਂ ਉਹ ਆਪਣੇ ਗੁਰਦੁਆਰੇ ਨੇੜੇ ਦੁਪਹਿਰ ਦੀ ਸੈਰ ਲਈ ਬਾਹਰ ਗਿਆ ਸੀ। ਇਹ ਘਟਨਾ 4 ਅਗਸਤ ਨੂੰ ਵਾਪਰੀ, ਜਦੋਂ ਇੱਕ ਅਣਪਛਾਤੇ ਵਿਅਕਤੀ ਨੇ ਲਾਸ ਏਂਜਲਸ ਦੇ ਲੰਕਰਸ਼ਿਮ ਬੁਲੇਵਾਰਡ ਖੇਤਰ ਵਿੱਚ ਇੱਕ ਗੋਲਫ ਕਲੱਬ ਨਾਲ ਹਰਪਾਲ ਸਿੰਘ ‘ਤੇ ਹਮਲਾ ਕਰ ਦਿੱਤਾ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪੀੜਤ ਹਮਲੇ ਤੋਂ ਬਚ ਗਿਆ, ਪਰ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹ ਗੱਲ ਕਰਨ ਤੋਂ ਅਸਮਰੱਥ ਹੈ ਅਤੇ ਦਿਮਾਗ ਵਿੱਚ ਅੰਦਰੂਨੀ ਖੂਨ ਵਹਿਣ ਤੋਂ ਪੀੜਤ ਹੈ। ਹਰਪਾਲ ਸਿੰਘ ਦੇ ਭਰਾ ਡਾ. ਗੁਰਦਿਆਲ ਸਿੰਘ ਰੰਧਾਵਾ ਨੇ ਕਿਹਾ ਕਿ ਪੀੜਤ ਦੇ ਪਿਛਲੇ ਹਫ਼ਤੇ ਚਿਹਰੇ ਦੀਆਂ ਹੱਡੀਆਂ ਟੁੱਟਣ ਅਤੇ ਦਿਮਾਗ ਵਿੱਚ ਖੂਨ ਵਹਿਣ ਕਾਰਨ ਤਿੰਨ ਸਰਜਰੀਆਂ ਹੋਈਆਂ ਹਨ। ਉਹ ਡਾਕਟਰੀ ਤੌਰ ‘ਤੇ ਪ੍ਰੇਰਿਤ ਕੋਮਾ ਵਿੱਚ ਦੱਸਿਆ ਜਾ ਰਿਹਾ ਹੈ।

ਦੱਸ ਦਈਏ ਕਿ ਹਮਲੇ ਦੀ ਇੱਕ ਪਰੇਸ਼ਾਨ ਕਰਨ ਵਾਲੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ, ਜਿਸ ਵਿੱਚ ਹਰਪਾਲ ਸਿੰਘ ਹਮਲੇ ਤੋਂ ਬਾਅਦ ਆਪਣੇ ਖੂਨ ਨਾਲ ਭਿੱਜੇ ਫੁੱਟਪਾਥ ‘ਤੇ ਬੈਠੇ ਦਿਖਾਈ ਦੇ ਰਹੇ ਹਨ। ਜਥੇਦਾਰ ਗੜਗੱਜ ਨੇ ਹਰਪਾਲ ਸਿੰਘ ਦੇ ਪਰਿਵਾਰ ਨੂੰ ਵੀ ਭਰੋਸਾ ਦਿੱਤਾ ਕਿ ਇਸ ਔਖੀ ਘੜੀ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਮੁੱਚੀ ਸਿੱਖ ਕੌਮ ਉਨ੍ਹਾਂ ਦੇ ਨਾਲ ਹੈ ਅਤੇ ਇਸ ਮਾਮਲੇ ਵਿੱਚ ਹਰ ਪੱਧਰ ਉੱਤੇ ਅਵਾਜ਼ ਉਠਾਈ ਜਾਵੇਗੀ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਹਦਾਇਤ ਕੀਤੀ ਕਿ ਸ. ਹਰਪਾਲ ਸਿੰਘ ਦੇ ਮਾਮਲੇ ਵਿੱਚ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨਾਲ ਲਿਖਾਪੜ੍ਹੀ ਕਰਕੇ, ਇਹ ਯਕੀਨੀ ਬਣਾਇਆ ਜਾਵੇ ਕਿ ਦੋਸ਼ੀ ਵਿਅਕਤੀ ਦੇ ਵਿਰੁੱਧ ਸਖ਼ਤ ਕਾਰਵਾਈ ਹੋਵੇ।