ਨਿਊਜ਼ ਪੰਜਾਬ
8 ਅਗਸਤ 2025
ਪੰਜਾਬ ਸਰਕਾਰ ਵੱਲੋਂ ਧੱਕੇ ਨਾਲ ਜ਼ਮੀਨ ਹੜੱਪ ਕਰਨ ਦੀ ਸਕੀਮ ਵਿਰੁੱਧ ਸ਼੍ਰੋਮਣੀ ਅਕਾਲੀ ਦਲ 1 ਸਤੰਬਰ ਤੋਂ ਅਣਮਿੱਥੇ ਸਮੇਂ ਲਈ ਮੋਰਚਾ ਸ਼ੁਰੂ ਕਰੇਗਾ। ਪਾਰਟੀ 21 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਕਰ ਕੇ ਅਕਾਲ ਪੁਰਖ਼ ਦਾ ਆਸ਼ੀਰਵਾਦ ਲੈ ਕੇ ਮੋਰਚੇ ਦੀ ਆਰੰਭਤਾ ਕਰੇਗੀ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋਂ 1 ਸਤੰਬਰ ਨੂੰ ਮੋਰਚੇ ਦੇ ਪਹਿਲੇ ਜੱਥੇ ਦੀ ਅਗਵਾਈ ਕਰਨਗੇ ਜੋ ਨੇੜਲੇ ਪੰਚਾਇਤ ਭਵਨ ਜਿਸਨੂੰ ਅਰਵਿੰਦ ਕੇਜਰੀਵਾਲ ਨੇ ਨਵਾਂ ਸ਼ੀਸ਼ ਮਹਿਲ ਬਣਾ ਲਿਆ ਹੈ, ਤੱਕ ਜਾਵੇਗਾ। ਪੰਜਾਬ ਦੇ ਹਰ ਹਲਕੇ ਤੋਂ ਪਾਰਟੀ ਵਰਕਰ ਇਸ ਨਿਰੰਤਰ ਚੱਲਣ ਵਾਲੇ ਧਰਨੇ ਵਿਚ ਸ਼ਾਮਲ ਹੋਣਗੇ ਅਤੇ ਰੋਜ਼ਾਨਾ 5-5 ਸੌ ਲੋਕਾਂ ਦੇ ਜੱਥੇ ਇਸ ਵਿਚ ਉਦੋਂ ਤੱਕ ਸ਼ਾਮਲ ਹੋਣਗੇ ਜਦੋਂ ਤੱਕ ਆਪ ਸਰਕਾਰ ਲੈਂਡ ਪੂਲਿੰਗ ਸਕੀਮ ਰੱਦ ਨਹੀਂ ਕਰਦੀ। ਇਸ ਉਦੇਸ਼ ਵਾਸਤੇ ਡਾ. ਦਲਜੀਤ ਸਿੰਘ ਚੀਮਾ, ਐਨ ਕੇ ਸ਼ਰਮਾ ਤੇ ਮੁਹਾਲੀ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਸੋਹਾਣਾ ਦੀ ਸ਼ਮੂਲੀਅਤ ਵਾਲੀ ਤਿੰਨ ਮੈਂਬਰੀ ਤਾਲਮੇਲ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ।
ਸੁਖਬੀਰ ਸਿੰਘ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਆਪ ਸਰਕਾਰ ਆਪਣੇ ਮਾੜੇ ਮਨਸੂਬੇ ਵਿਚ ਡਟੀ ਰਹਿੰਦੀ ਹੈ ਤਾਂ ਅਕਾਲੀ ਦਲ ਵਿਚ 2027 ਵਿਚ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਹ ਲੈਂਡ ਪੂਲਿੰਗ ਸਕੀਮ ਰੱਦ ਕਰਨ ਦੇ ਫੈਸਲੇ ਵਾਸਤੇ ਸਰਬਸੰਮਤੀ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ 2016 ਵਿਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਦੀ ਸਰਕਾਰ ਨੇ ਐਸ ਵਾਈ ਐਲ ਦੀ ਜ਼ਮੀਨ ਕਿਸਾਨਾਂ ਨੂੰ ਵਾਪਸ ਕੀਤੀ ਸੀ, ਉਸੇ ਤਰੀਕੇ ਅਸੀਂ ਵਿਸ਼ੇਸ਼ ਕਾਨੂੰਨ ਬਣਾ ਕੇ ਐਕਵਾਇਰ ਕੀਤੀ ਸਾਰੀ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਾਂਗੇ।
