ਸਿੱਖਾਂ ਦੇ ਪਵਿੱਤਰ ਅਸਥਾਨ ਸ਼੍ਰੀ ਦਰਬਾਰ ਸਾਹਿਬ ਅਮ੍ਰਿਤਸਰ ਦੇ ਲੰਗਰ ਅਸਥਾਨ ਨੂੰ ਬੰਬ ਨਾਲ ਉਡਾਉਣ ਦੀ ਕਈ ਵਾਰ ਈ ਮੇਲ ਧਮਕੀਆਂ ਮਿਲਣ ਤੋਂ ਬਾਅਦ ਦਿੱਲ੍ਹੀ ਦੇ ਦਰਜ਼ਨ ਤੋਂ ਵੱਧ ਸਕੂਲਾਂ ਨੂੰ ਅਜਿਹੀਆਂ ਧਮਕੀ ਭਰੀਆਂ ਈ ਮੇਲ ਮਿਲਣ ਤੇ ਦਿੱਲੀ ਪੁਲਿਸ ਨੇ ਇੱਕ 12ਸਾਲਾਂ ਦੇ ਨਾਬਾਲਗ ਨੂੰ ਕਾਬੂ ਕੀਤਾ ਜਿਸ ਨੇ ਆਪਣੇ ਮੁਬਾਇਲ ਫ਼ੋਨ ਤੋਂ ਦਿੱਲੀ ਦੇ ਸਕੂਲਾਂ ਨੂੰ ਈ ਮੇਲ ਭੇਜੀਆਂ ਸਨ , ਹਾਲੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਧਮਕੀ ਭਰੀਆਂ ਈ ਮੇਲ ਦਾ ਕੋਈ ਸੁਰਾਗ ਨਹੀਂ ਮਿਲਿਆ
ਪਿਛਲੇ ਤਿੰਨ ਦਿਨਾਂ ਤੋਂ ਦਿੱਲੀ ਵਿੱਚ ਸਕੂਲਾਂ ਅਤੇ ਕਾਲਜਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇ ਮਾਮਲੇ ਵਿੱਚ ਇੱਕ ਨਾਬਾਲਗ ਦੀ ਪਛਾਣ ਕੀਤੀ ਗਈ ਹੈ। ਇੱਕ 12 ਸਾਲਾ ਨਾਬਾਲਗ ਨੇ ਧਮਕੀ ਭਰੇ ਈਮੇਲ ਭੇਜੇ ਸਨ। ਉਸਨੇ ਸੇਂਟ ਥਾਮਸ ਸਕੂਲ ਅਤੇ ਸੇਂਟ ਸਟੀਫਨ ਕਾਲਜ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ।
ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਇੱਕ 12 ਸਾਲਾ ਨਾਬਾਲਗ ਦੀ ਪਛਾਣ ਕੀਤੀ ਹੈ। ਜਾਂਚ ਤੋਂ ਬਾਅਦ, ਨਾਬਾਲਗ ਨੂੰ ਬੁੱਧਵਾਰ ਨੂੰ ਦੱਖਣੀ ਦਿੱਲੀ ਤੋਂ ਫੜਿਆ ਗਿਆ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿੱਚ ਨਾਬਾਲਗ ਦੀ ਕੌਂਸਲਿੰਗ ਕਰਵਾਈ। ਬਾਅਦ ਵਿੱਚ ਉਸਨੂੰ ਉਸਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ।
ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਨਾਬਾਲਗ ਮਾਨਸਿਕ ਤੌਰ ‘ਤੇ ਬਿਮਾਰ ਹੈ। ਉਹ ਦਵਾਈ ਵੀ ਲੈ ਰਿਹਾ ਹੈ। ਉਸਨੇ ਆਪਣੇ ਮੋਬਾਈਲ ਫੋਨ ਤੋਂ ਧਮਕੀ ਭਰੇ ਈਮੇਲ ਭੇਜੇ ਸਨ। ਹਾਲਾਂਕਿ, ਉਹ ਨਾ ਤਾਂ ਇਨ੍ਹਾਂ ਸਕੂਲਾਂ ਵਿੱਚ ਪੜ੍ਹਦਾ ਹੈ ਅਤੇ ਨਾ ਹੀ ਉਸਨੇ ਜਾਣਬੁੱਝ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਹੈ। ਉਸਨੇ ਗੂਗਲ ‘ਤੇ ਮਿਲੇ ਸਕੂਲਾਂ ਅਤੇ ਕਾਲਜਾਂ ਨੂੰ ਈਮੇਲ ਕੀਤਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖੁਲਾਸਾ ਕੀਤਾ ਹੈ ਕਿ ਅੱਜ ਇੱਕ ਹੋਰ ਈਮੇਲ ਰਾਹੀ ਸ੍ਰੀ ਹਰਿਮੰਦਰ ਸਾਹਿਬ ਵਿੱਚ ਬੰਬ ਰੱਖੇ ਹੋਣ ਦੀ ਧਮਕੀ ਆਈ ਹੈ ਅਤੇ ਹੁਣ ਤੱਕ ਅਜਿਹੀਆਂ ਪੰਜ ਈਮੇਲ ਆ ਚੁੱਕੀਆ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ।
ਉਨ੍ਹਾਂ ਨਿਰਾਸ਼ਾ ਪਰਗਟ ਕਰਦਿਆਂ ਕਿਹਾ ਕਿ ਹੁਣ ਤੱਕ ਇਸ ਮਾਮਲੇ ਵਿੱਚ ਡੂੰਘਾਈ ਨਾਲ ਜਾਂਚ ਨਹੀਂ ਕੀਤੀ ਗਈ ਅਤੇ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਈਮੇਲ ਕਿੱਥੋਂ ਅਤੇ ਕਿਸ ਵੱਲੋਂ ਭੇਜੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਹੁਣ ਆਈਆਂ ਈਮੇਲ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਤੇ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਵੀ ਨਾਲ ਐਡ ਕੀਤਾ ਗਿਆ ਹੈ, ਪਰ ਇਸ ਦੇ ਬਾਵਜੂਦ ਸਰਕਾਰ ਨੇ ਚੁੱਪ ਧਾਰੀ ਹੋਈ ਹੈ।
ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਕੀ ਇਹ ਗੁਰੂ ਘਰ ਬਾਰੇ ਸੰਗਤ ਨੂੰ ਭੈਭੀਤ ਕਰਨ ਅਤੇ ਡਰਾਉਣ ਦੀ ਸਾਜਿਸ਼ ਹੈ, ਤਾਂ ਜੋ ਗੁਰੂ ਘਰ ਵਿਖੇ ਸੰਗਤ ਦੀ ਆਮਦ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਇਸ ਵੇਲੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੋਣ ਪੁੱਜਦੀ ਹੈ।
