ਨਿਊਜ਼ ਪੰਜਾਬ
10 ਜੁਲਾਈ 2025
ਬਰਨਾਲਾ ਦੇ ਮਹਿਲ ਕਲਾਂ ਵਿੱਚ ਸਕੂਲ ਦੇ ਬੱਚਿਆਂ ਨੂੰ ਲੈ ਕੇ ਜਾ ਰਹੀ ਬੱਸ ਅਚਾਨਕ ਬੇਕਾਬੂ ਹੋ ਕੇ ਖੇਤਾਂ ‘ਚ ਪਲਟ ਗਈ, ਜਿਸ ਕਾਰਨ ਬੱਸ ਦੇ ਕੰਡਕਟਰ ਨੌਜਵਾਨ ਦੀ ਬੱਸ ਹੇਠਾਂ ਆਉਣ ਨਾਲ ਮੌਕੇ ‘ਤੇ ਹੀ ਮੌਤ ਹੋ ਗਈ,ਜਦੋਂ ਕਿ ਸਕੂਲੀ ਬੱਚਿਆਂ ਨੂੰ ਬਚਾ ਲਿਆ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਅੰਮ੍ਰਿਤਪਾਲ ਸਿੰਘ (30) ਪੁੱਤਰ ਜਗਦੇਵ ਸਿੰਘ ਵਾਸੀ ਕਲਾਲ ਮਾਜਰਾ (ਬਰਨਾਲਾ) ਵਜੋਂ ਹੋਈ ਹੈ। ਇਹ ਸਕੂਲ ਬੱਸ ਮਹਿਲ ਕਲਾਂ ਦੇ ਇੱਕ ਨਿੱਜੀ ਸਕੂਲ ਦੀ ਦੱਸੀ ਜਾ ਰਹੀ ਹੈ।
ਇਸ ਮੌਕੇ ਬੱਸ ਡਰਾਈਵਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਰਸਤੇ ਵਿੱਚ ਇੱਕ ਤੇਜ਼ ਰਫ਼ਤਾਰ ਵਾਹਨ ਸਿੰਗਲ ਰੋਡ ‘ਤੇ ਆਇਆ, ਇਸ ਲਈ ਦੂਜੇ ਵਾਹਨ ਨੂੰ ਰਸਤਾ ਦਿੰਦੇ ਸਮੇਂ ਬੱਸ ਪਲਟ ਗਈ। ਉਨ੍ਹਾਂ ਦੱਸਿਆ ਕਿ ਬੱਸ ਵਿੱਚ ਲਗਭਗ 55 ਬੱਚੇ ਸਨ। ਉਨ੍ਹਾਂ ਕਿਹਾ ਕਿ ਕੰਡਕਟਰ ਖਿੜਕੀ ‘ਤੇ ਖੜ੍ਹਾ ਸੀ ਅਤੇ ਬੱਸ ਪਲਟਣ ਕਾਰਨ ਉਸਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਾਰੇ ਬੱਚਿਆਂ ਨੂੰ ਬੱਸ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਇਸ ਮੌਕੇ ਸਾਧੂ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਭਤੀਜੇ ਦੀ ਮੌਤ ਦੀ ਖ਼ਬਰ ਫੋਨ ‘ਤੇ ਮਿਲੀ ਅਤੇ ਜਦੋਂ ਉਹ ਉੱਥੇ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਭਤੀਜੇ ਦੀ ਮੌਤ ਬੱਸ ਹੇਠਾਂ ਆਉਣ ਨਾਲ ਹੋਈ ਹੈ। ਉਨ੍ਹਾਂ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਸਕੂਲ ਵਿੱਚ ਕੰਮ ਕਰ ਰਿਹਾ ਸੀ।
