ਬੱਸ ਸਫ਼ਰ ਕਰਨ ਵਾਲ਼ਿਆਂ ਲਈ ਅਹਿਮ ਖ਼ਬਰ, ਤਿੰਨ ਦਿਨ ਹੋਵੇਗਾ ਬੱਸਾਂ ਦਾ ਚੱਕਾ, 9 ਤੋਂ 11 ਜੁਲਾਈ ਤਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ

ਨਿਊਜ਼ ਪੰਜਾਬ

8 ਜੁਲਾਈ 2025

ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਕੱਚੇ ਕਰਮਚਾਰੀ ਦੇ ਵਲੋਂ ਬੁੱਧਵਾਰ ਤੋਂ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਬੱਸਾਂ ਦਾ ਪੂਰੀ ਤਰ੍ਹਾਂ ਚੱਕਾ ਜਾਮ ਕਰਨਗੇ। ਹਾਲਾਂਕਿ ਪੀਆਰਟੀਸੀ ਦੇ ਪੱਕੇ ਕਰਮਚਾਰੀਆਂ ਨੇ ਬੱਸਾਂ ਆਮ ਵਾਂਗ ਚਲਾਉਣ ਦਾ ਭਰੋਸਾ ਦਿੱਤਾ ਹੈ ਪਰ ਕੱਚੇ ਕਰਮਚਾਰੀਆਂ ਵੱਲੋਂ ਸੰਭਾਵਿਤ ਕਿਸੇ ਕਿਸਮ ਦੇ ਹੰਗਾਮੇ ਨੂੰ ਰੋਕਣ ਲਈ ਡਿਪੂ ਦੇ ਅਧਿਕਾਰੀਆਂ ਵੱਲੋਂ ਪੁਲਿਸ ਦੀ ਮਦਦ ਵੀ ਲਈ ਜਾਵੇਗੀ। ਕੱਚੇ ਕਰਮਚਾਰੀ ਪੱਕੀਆਂ ਨੌਕਰੀਆਂ ਦੀ ਮੰਗ ਨੂੰ ਲੈ ਕੇ ਹੜਤਾਲ ਕਰ ਰਹੇ ਹਨ। 9 ਤੋਂ 11 ਜੁਲਾਈ ਨੂੰ ਤਿੰਨ ਦਿਨ ਸਰਕਾਰੀ ਬੱਸਾਂ ਬੰਦ ਰਹਿਣਗੀਆਂ। ਜੇ ਬਠਿੰਡਾ ਦੇ ਪੀਆਰਟੀਸੀ ਡਿਪੂ ਦੀ ਗੱਲ ਕਰੀਏ ਤਾਂ ਇੱਥੇ 204 ਬੱਸਾਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕੱਚੇ ਕਰਮਚਾਰੀ ਚਲਾਉਂਦੇ ਹਨ।

ਇਸ ਵੇਲੇ ਬਠਿੰਡਾ ਡਿਪੂ ਵਿਚ 305 ਕੰਡਕਟਰ ਤੇ 251 ਡਰਾਈਵਰ ਹਨ। ਜਿਨ੍ਹਾਂ ਵਿੱਚੋਂ ਸਿਰਫ਼ 18 ਡਰਾਈਵਰ ਅਤੇ 13 ਕੰਡਕਟਰ ਹੀ ਪੱਕੇ ਤੌਰ ”ਤੇ ਕੰਮ ਕਰ ਰਹੇ ਹਨ ਪਰ ਹੁਣ ਠੇਕੇਦਾਰ ਅਧੀਨ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ ਨੇ ਹੜਤਾਲ ”ਤੇ ਜਾਣ ਦੀ ਧਮਕੀ ਦਿੱਤੀ ਹੈ। ਅਜਿਹੀ ਸਥਿਤੀ ਵਿਚ ਬਠਿੰਡਾ ਵਿੱਚ 80 ਫ਼ੀਸਦੀ ਸਟਾਫ ਠੇਕੇਦਾਰ ਅਧੀਨ ਕੰਮ ਕਰਦਾ ਹੈ, ਜਿਸ ਕਾਰਨ ਬੱਸਾਂ ਦਾ ਸੰਚਾਲਨ ਕਾਫ਼ੀ ਹੱਦ ਤਕ ਪ੍ਰਭਾਵਿਤ ਹੋ ਸਕਦਾ ਹੈ। ਹਾਲਾਂਕਿ ਅਧਿਕਾਰੀ ਦਾਅਵਾ ਕਰ ਰਹੇ ਹਨ ਕਿ ਉਹ ਕਿਸੇ ਵੀ ਬੱਸ ਸੇਵਾ ਨੂੰ ਪ੍ਰਭਾਵਿਤ ਨਹੀਂ ਹੋਣ ਦੇਣਗੇ। ਦੂਜੇ ਪਾਸੇ ਹੜਤਾਲੀ ਕਰਮਚਾਰੀਆਂ ਨੇ ਪੱਕੇ ਕਰਮਚਾਰੀਆਂ ਅਤੇ ਵਿਭਾਗ ਅਧੀਨ ਕੰਮ ਕਰਨ ਵਾਲਿਆਂ ਨੂੰ ਉਨ੍ਹਾਂ ਦਾ ਸਮਰਥਨ ਕਰਨ ਦੀ ਅਪੀਲ ਵੀ ਕੀਤੀ ਹੈ।