ਅਬੋਹਰ ਵਿੱਚ ਮਸ਼ਹੂਰ ਕਾਰੋਬਾਰੀ ਦਾ ਦਿਨ-ਦਿਹਾੜੇ ਗੋਲੀ ਮਾਰ ਕੇ ਕੀਤਾ ਕਤਲ; ਤਿੰਨ ਬਦਮਾਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਨਿਊਜ਼ ਪੰਜਾਬ

7 ਜੁਲਾਈ 2025

ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਸ਼ਹਿਰ ਵਿੱਚ ਮੰਗਲਵਾਰ, 7 ਜੁਲਾਈ ਨੂੰ ਇੱਕ ਸਨਸਨੀਖੇਜ਼ ਘਟਨਾ ਨੇ ਇਲਾਕੇ ਵਿੱਚ ਹਲਚਲ ਮਚਾ ਦਿੱਤੀ। ਸ਼ਹਿਰ ਦੀ ਮਸ਼ਹੂਰ ਕੁੜਤਾ-ਪਜਾਮੇ ਦੀ ਦੁਕਾਨ ‘ਵੀਅਰ ਵੈੱਲ’ ਦੇ ਮਾਲਕ ਸੰਜੇ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ, ਦੋ ਤੋਂ ਤਿੰਨ ਹਮਲਾਵਰ ਬਾਈਕ ‘ਤੇ ਆਏ ਅਤੇ ਦੁਕਾਨ ਦੇ ਸਾਹਮਣੇ ਆਪਣੀ ਗੱਡੀ ਕਰ ਰਹੇ ਸੰਜੇ ‘ਤੇ ਗੋਲੀਆਂ ਚਲਾ ਦਿੱਤੀਆਂ।

ਇਸ ਹਮਲੇ ਵਿੱਚ ਸੰਜੇ ਨੂੰ ਕਈ ਗੋਲੀਆਂ ਲੱਗੀਆਂ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਅਪਰਾਧੀ ਮੌਕੇ ਤੋਂ ਫਰਾਰ ਹੋ ਗਏ। ਸੀਸੀਟੀਵੀ ਫੁਟੇਜ ਦੀ ਮਦਦ ਨਾਲ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।

ਸਥਾਨਕ ਲੋਕਾਂ ਨੇ ਦੱਸਿਆ ਕਿ ਸੰਜੇ ਆਪਣੇ ਭਰਾ ਜਗਤ ਨਾਲ ਮਿਲ ਕੇ ‘ਵੇਅਰ ਵੈੱਲ’ ਦੀ ਦੁਕਾਨ ਚਲਾਉਂਦੇ ਸੀ। ਇਹ ਦੁਕਾਨ ਅਬੋਹਰ ਵਿੱਚ ਆਪਣੀ ਕੁਆਲਿਟੀ ਲਈ ਮਸ਼ਹੂਰ ਹੈ। ਸੰਜੇ ਦੇ ਕਤਲ ਦੀ ਖ਼ਬਰ ਫੈਲਦੇ ਹੀ ਸਥਾਨਕ ਵਪਾਰੀਆਂ ਅਤੇ ਭਾਈਚਾਰੇ ਵਿੱਚ ਗੁੱਸਾ ਫੈਲ ਗਿਆ। ਸੈਂਕੜੇ ਵਪਾਰੀ ਅਤੇ ਸਥਾਨਕ ਲੋਕ ਹਸਪਤਾਲ ਦੇ ਬਾਹਰ ਇਕੱਠੇ ਹੋ ਗਏ ਅਤੇ ਇਸ ਬੇਰਹਿਮੀ ਨਾਲ ਕੀਤੇ ਗਏ ਕਤਲ ਦਾ ਵਿਰੋਧ ਕਰ ਰਹੇ ਹਨ। ਵਪਾਰੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਅਤੇ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।

ਇਸ ਘਟਨਾ ਨੇ ਅਬੋਹਰ ਦੇ ਵਪਾਰੀ ਭਾਈਚਾਰੇ ਵਿੱਚ ਡਰ ਅਤੇ ਗੁੱਸਾ ਪੈਦਾ ਕਰ ਦਿੱਤਾ ਹੈ। ਵਪਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਵੱਡਾ ਅੰਦੋਲਨ ਸ਼ੁਰੂ ਕਰਨਗੇ। ਪੁਲਿਸ ਨੇ ਮਾਮਲਾ ਦਰਜ ਕਰਕੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।