ਓਡੀਸ਼ਾ ਦੇ ਸ੍ਰੀ ਗੁੰਡੀਚਾ ਮੰਦਰ ਪੁਰੀ ਨੇੜੇ ਭਾਜ਼ੜ ਮੱਚਣ ਨਾਲ 3 ਮੌਤਾਂ 50 ਜਖ਼ਮੀ – 6 ਦੀ ਹਾਲਤ ਗੰਭੀਰ 

ਅੱਜ ਐਤਵਾਰ ਤੜਕਸਾਰ ਓਡੀਸ਼ਾ ਦੇ ਪੁਰੀ ਵਿੱਚ ਸ੍ਰੀ ਗੁੰਡੀਚਾ ਮੰਦਰ ਨੇੜੇ ਭਾਜ਼ੜ ਮਚ ਗਈ, ਜਿਸ ਵਿੱਚ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਲਗਭਗ 50 ਲੋਕ ਜ਼ਖਮੀ ਹੋ ਗਏ, ਜ੍ਹਿਨਾਂ ਵਿੱਚ 6 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ । ਇਹ ਘਟਨਾ ਸਵੇਰੇ 4 ਵਜੇ ਦੇ ਕਰੀਬ ਵਾਪਰੀ ਜਦੋਂ ਹਜ਼ਾਰਾਂ ਲੋਕ ਮੰਦਰ ਪਰਿਸਰ ਵਿੱਚ ਇਕੱਠੇ ਹੋਏ ਸਨ। ਪ੍ਰਸ਼ਾਸਨ ਵੱਲੋਂ ਭੀੜ ਨੂੰ ਕਾਬੂ ਕਰਨ ਅਤੇ ਜ਼ਖਮੀਆਂ ਨੂੰ ਰਾਹਤ ਪ੍ਰਦਾਨ ਕਰਨ ਲਈ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ।

ਤਿੰਨ ਮ੍ਰਿਤਕ, ਛੇ ਦੀ ਹਾਲਤ ਗੰਭੀਰ

ਪੁਰੀ ਦੇ ਜ਼ਿਲ੍ਹਾ ਕੁਲੈਕਟਰ ਸਿਧਾਰਥ ਐਸ ਸਵੈਨ ਨੇ ਮੀਡੀਆ ਨੂੰ ਦੱਸਿਆ ਕਿ ਘਟਨਾ ਵਿੱਚ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਛੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮ੍ਰਿਤਕਾਂ ਦੀ ਪਛਾਣ ਬਸੰਤੀ ਸਾਹੂ (ਬੋਲਾਗੜ੍ਹ), ਪ੍ਰੇਮਕਾਂਤ ਮੋਹੰਤੀ ਅਤੇ ਪ੍ਰਵਤੀ ਦਾਸ (ਦੋਵੇਂ ਬਾਲੀਪਟਨਾ ਵਾਸੀ) ਵਜੋਂ ਹੋਈ ਹੈ। ਤਿੰਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਕੁਲੈਕਟਰ ਦੇ ਅਨੁਸਾਰ, ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪ੍ਰਸ਼ਾਸਨ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ।