ਨਿਊਜ਼ ਪੰਜਾਬ
30 ਮਈ 2025
ਸ਼ਹੀਦਾਂ ਦੇ ਸਿਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ….
ਆਓ ਜਾਣੀਏ ਉਹਨਾਂ ਦਾ ਸੰਖੇਪ ਇਤਿਹਾਸ ਅਤੇ ਆਪਣੇ ਬੱਚਿਆ ਨੂੰ ਵੀ ਜੋੜੀਏ ਇਸ ਮਾਣ ਮਤੇ ਇਤਿਹਾਸ ਨਾਲ👆🏻👇🏻🙏🏻
ਹਰਿ ਕਾ ਨਾਮੁ ਰਿਦੈ ਨਿਤ ਧਿਆਈ।। ਸੰਗੀ ਸਾਥੀ ਸਗਲ ਤਰਾਂਈ।।੧।। ਗੁਰੂ ਮੇਰੈ ਸੰਗ ਸਦਾ ਹੈ ਨਾਲੇ।। ਸਿਮਰਿ ਸਿਮਰਿ ਤਿਸੁ ਸਦਾ ਸਮਾਲੇ।। ੧।।ਰਹਾਉ।। ਤੇਰਾ ਕੀਆ ਮੀਠਾ ਲਾਗੈ ।। ਹਰਿ ਨਾਮੁ ਪਦਾਰਥੁ ਨਾਨਕੁ ਮਾਂਗੇ।।
ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪੰਜਵੇਂ ਗੁਰੂ ਸਨ। ਉਨ੍ਹਾਂ ਦਾ ਜਨਮ 15 ਅਪ੍ਰੈਲ 1563 ਨੂੰ ਗੋਇਿੰਦਵਾਲ ਸਾਹਿਬ ਵਿਖੇ ਹੋਇਆ। ਗੁਰੂ ਜੀ ਸ੍ਰੀ ਗੁਰੂ ਰਾਮ ਦਾਸ ਜੀ ਦੇ ਪੁੱਤਰ ਸਨ ਅਤੇ 11 ਸਾਲ ਦੀ ਉਮਰ ਵਿੱਚ ਗੁਰੂ ਗੱਦੀ ਤੇ ਬੈਠੇ। ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਦੀ ਸੰਰਚਨਾ ਨੂੰ ਮਜਬੂਤ ਬਣਾਇਆ ਅਤੇ ਸਮਾਜ ਵਿਚ ਭਾਈਚਾਰੇ, ਪਿਆਰ ਤੇ ਸੇਵਾ ਦੀ ਲਹਿਰ ਚਲਾਈ। ਉਨ੍ਹਾਂ ਦੀ ਸਭ ਤੋਂ ਵੱਡੀ ਦੇਣ ‘ਸ੍ਰੀ ਆਦਿ ਗ੍ਰੰਥ’ ਹੈ, ਜਿਸ ਵਿੱਚ ਉਨ੍ਹਾਂ ਨੇ ਪਹਿਲੀ ਵਾਰ ਸਾਰੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਇਕਠਾ ਕਰਕੇ ਸੰਪਾਦਿਤ ਕੀਤਾ।
ਗੁਰੂ ਜੀ ਨੇ ਅੰਮ੍ਰਿਤਸਰ ਵਿਚ ਸੋਹਣਾ ਹਰਿਮੰਦਰ ਸਾਹਿਬ ਬਣਵਾਇਆ, ਜੋ ਅੱਜ ਵੀ ਸਿੱਖ ਧਰਮ ਦਾ ਕੇਂਦਰ ਹੈ। ਉਨ੍ਹਾਂ ਨੇ ਇਸ ਦੀ ਨੀਵ ਸਾਂਈ ਮੀਆਂ ਮੀਰ ਕੋਲੋਂ ਰਖਵਾਈ, ਜੋ ਇਹ ਦਰਸਾਉਂਦਾ ਹੈ ਕਿ ਉਨ੍ਹਾਂ ਦੀ ਸੋਚ ਵਿਚ ਸਾਰੇ ਧਰਮਾਂ ਲਈ ਸਮਾਨ ਸਨਮਾਨ ਸੀ। ਗੁਰੂ ਜੀ ਨੇ ਲੰਗਰ ਦੀ ਪ੍ਰਥਾ ਨੂੰ ਹੋਰ ਵੀ ਵਧਾਇਆ ਅਤੇ ਗਰੀਬਾਂ ਦੀ ਸੇਵਾ ਨੂੰ ਸਭ ਤੋਂ ਉੱਚਾ ਕਰਮ ਮੰਨਿਆ।
1606 ਵਿੱਚ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਦੇ ਹੁਕਮ ’ਤੇ ਲਾਹੌਰ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਕਈ ਦਿਨ ਤਕ ਤਪਦੀ ਤਵੀ ਤੇ ਬੈਠਾ ਕੇ ਅਤੇ ਖੌਲਦੇ ਪਾਣੀ ਵਿੱਚ ਬਿਠਾ ਕੇ ਬੇਹੱਦ ਤਕਲੀਫਾਂ ਦਿੱਤੀਆਂ ਗਈਆਂ। ਇਨ੍ਹਾਂ ਹੰਕਾਰ ਭਰੀਆਂ ਯਾਤਨਾਵਾਂ ਦੇ ਬਾਵਜੂਦ ਗੁਰੂ ਜੀ ਨੇ ਸੱਚ ਦਾ ਸਾਥ ਨਹੀਂ ਛੱਡਿਆ ਅਤੇ ਆਖਰਕਾਰ 16 ਜੂਨ 1606 ਨੂੰ ਸ਼ਹੀਦੀ ਪ੍ਰਾਪਤ ਕੀਤੀ। ਉਨ੍ਹਾਂ ਦੀ ਸ਼ਹੀਦੀ ਨੇ ਸਿੱਖ ਧਰਮ ਵਿੱਚ ਨਵਾਂ ਜੋਸ਼ ਭਰਿਆ ਅਤੇ ਸੱਚ ਤੇ ਧਰਮ ਲਈ ਕੁਰਬਾਨੀ ਦੀ ਪ੍ਰੇਰਣਾ ਦਿੱਤੀ।
ਤੇਰਾ ਕੀਆ ਮੀਠਾ ਲਾਗੇ।।ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ।।ਸ਼ਹੀਦਾ ਦੇ ਸਿਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਗੁਰੂ ਸਾਹਿਬ ਜੀ ਨੂੰ ਕੋਟਿ ਕੋਟਿ ਪ੍ਰਣਾਮ🙏🙏
