ਪੰਜਾਬ ਵਿਚ ਨਸ਼ੇ ਖਿਲਾਫ਼ ਵੱਡੀ ਕਾਰਵਾਈ, ਨਸ਼ਾ ਤਸਕਰ ਦੇ ਘਰ ’ਤੇ ਚਲਵਾਇਆ ਬੁਲਡੋਜ਼ਰ , ਢਾਹੀ ਨਜਾਇਜ਼ ਉਸਾਰੀ; ਜਾਣੋ ਪੂਰਾ ਮਾਮਲਾ 

ਨਿਊਜ਼ ਪੰਜਾਬ

25 ਫਰਵਰੀ 2025

ਪੰਜਾਬ ਪੁਲਿਸ ਵਲੋਂ ਨਸ਼ਾ ਤਸਕਰਾਂ ਦੇ ਖਿਲਾਫ ਸਖਤੀ ਵਾਲਾ ਰਾਹ ਚੁਣਿਆ ਗਿਆ। ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਡਰੱਗ ਮਨੀ ਨਾਲ ਬਣਾਈਆਂ ਗਈਆਂ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਤੇ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ। ਲੁਧਿਆਣਾ ਪੁਲਿਸ ਨੇ ਬੀਤੀ ਦੇਰ ਰਾਤ ਥਾਣਾ ਲਾਡੋਵਾਲ ਦੇ ਅਧੀਨ ਆਉਂਦੇ ਇਲਾਕੇ ਤਲਵੰਡੀ ਕਲਾਂ ਦੇ ਸੋਨੂ ਨਾਮ ਦੇ ਨਸ਼ਾ ਤਸਕਰ ਦੀ ਪ੍ਰਾਪਰਟੀ ਤੇ JCB ਚਲਾਇਆ ਗਿਆ । ਇਸੇ ਤਰ੍ਹਾਂ ਦੁਗਰੀ ਇਲਾਕੇ ਦੇ ਭਾਈ ਹਿੰਮਤ ਸਿੰਘ ਨਗਰ ਵਿੱਚ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਸਮੇਤ ਭਾਰੀ ਮਾਤਰਾ ਵਿੱਚ ਪੁਲਿਸ ਫੋਰਸ ਪਹੁੰਚੀ ਅਤੇ ਇੱਕ ਨਸ਼ਾ ਤਸਕਰ ਦੀ ਬਿਲਡਿੰਗ ਦੀ ਇੰਕਰੋਚਮੈਂਟ ਤੋੜੀ।

 

ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਪੁਲਿਸ ਨਸ਼ਾ ਤਸਕਰਾਂ ਨਾਲ ਸਖਤੀ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ ਹੈ। ਉਨ੍ਹਾਂ ਆਖਿਆ ਕਿ ਤਸਕਰਾਂ ਵੱਲੋਂ ਨਸ਼ਾ ਤਸਕਰੀ ਨਾਲ ਬਣਾਈਆਂ ਗਈਆਂ ਪ੍ਰਾਪਰਟੀਆਂ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਹੁਣ ਤਸਕਰਾਂ ਨੂੰ ਸਿਰਫ ਜੇਲ੍ਹ ਹੀ ਨਹੀਂ ਸਗੋਂ ਡਰੱਗ ਮਨੀ ਨਾਲ ਬਣਾਈਆਂ ਗਈਆਂ ਉਨ੍ਹਾਂ ਦੀਆਂ ਪ੍ਰਾਪਰਟੀਆਂ ‘ਤੇ ਜਲਦ ਅਤੇ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਲੁਧਿਆਣਾ ਕਮਿਸ਼ਨਰੇਟ ਦੇ ਇਲਾਕੇ ‘ਚ 78 ਅਜਿਹੇ ਨਸ਼ਾ ਤਸਕਰਾਂ ਨੂੰ ਵੈਰੀਫਾਈ ਕੀਤਾ ਗਿਆ ਹੈ ਜਿਨ੍ਹਾਂ ਨੇ ਡਰੱਗ ਮਨੀ ਨਾਲ ਜਾਇਦਾਦਾਂ ਬਣਾਈਆਂ ਹਨ।

ਪੁਲਿਸ ਕਮਿਸ਼ਨਰ ਦੇ ਮੁਤਾਬਕ ਉਨ੍ਹਾਂ ਦੇ ਖਿਲਾਫ ਆਉਣ ਵਾਲੇ ਦਿਨਾਂ ਵਿੱਚ ਪੂਰੀ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ। ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਬੀਤੀ ਰਾਤ ਤਲਵੰਡੀ ਕਲਾਂ ਇਲਾਕੇ ‘ਚ ਜਿਸ ਪ੍ਰਾਪਰਟੀ ਤੇ ਕਾਰਵਾਈ ਕੀਤੀ ਗਈ ਉਸਦੇ ਮਾਲਕ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਖਿਲਾਫ ਦਰਜਨ ਦੇ ਕਰੀਬ ਨਸ਼ਾ ਤਸਕਰੀ ਦੇ ਮੁਕੱਦਮੇ ਦਰਜ ਹਨ।