ਉੱਤਰਾਖੰਡ ਦੇ ਪੌੜੀ’ਚ ਹਾਦਸਾ…ਸ੍ਰੀਨਗਰ ਜਾ ਰਹੀ ਬੱਸ ਖਾਈ ‘ਚ ਡਿੱਗੀ, 4 ਦੀ ਮੌਤ, ਕਈ ਜ਼ਖਮੀ

ਉੱਤਰਾਖੰਡ,12 ਜਨਵਰੀ 2025

ਉੱਤਰਾਖੰਡ ਦੇ ਪੌੜੀ ਵਿੱਚ ਐਤਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ। ਸ੍ਰੀਨਗਰ ਜਾ ਰਹੀ ਮਿੰਨੀ ਬੱਸ ਬੇਕਾਬੂ ਹੋ ਕੇ ਖਾਈ ਵਿੱਚ ਜਾ ਡਿੱਗੀ। ਇਸ ਹਾਦਸੇ ‘ਚ ਚਾਰ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਸ ਦੇ ਨਾਲ ਹੀ ਕਈ ਲੋਕ ਜ਼ਖਮੀ ਵੀ ਹੋਏ ਹਨ।

ਜਾਣਕਾਰੀ ਮੁਤਾਬਕ ਹਾਦਸਾ ਦੁਪਹਿਰ ਕਰੀਬ 3 ਵਜੇ ਵਾਪਰਿਆ। ਮਿੰਨੀ ਬੱਸ ਨੰਬਰ- (UK12PB0177) ਪੌੜੀ ਬੱਸ ਸਟੈਂਡ ਤੋਂ ਕੇਂਦਰੀ ਵਿਦਿਆਲਿਆ ਰਾਹੀਂ ਸ਼੍ਰੀਨਗਰ ਲਈ ਰਵਾਨਾ ਹੋਈ ਸੀ। ਤਹਿਸੀਲ ਪੌੜੀ ਦੇ ਕੋਠਾੜ ਬੰਦ ਨੇੜੇ ਬੱਸ ਖੱਡ ਵਿੱਚ ਡਿੱਗ ਗਈ। ਮੁੱਢਲੀ ਜਾਣਕਾਰੀ ਅਨੁਸਾਰ ਬੱਸ ਵਿੱਚ ਕਰੀਬ 18 ਲੋਕ ਸਵਾਰ ਸਨ। ਜਿਨ੍ਹਾਂ ਵਿੱਚੋਂ ਚਾਰ ਦੀ ਮੌਤ ਦਾ ਖਦਸ਼ਾ ਹੈ। ਜਦਕਿ ਹੋਰ ਯਾਤਰੀ ਜ਼ਖਮੀ ਹੋ ਗਏ ਹਨ।ਸਾਰੇ ਜ਼ਖਮੀਆਂ ਨੂੰ ਸਥਾਨਕ ਪਿੰਡ ਵਾਸੀਆਂ ਦੀ ਮਦਦ ਨਾਲ ਬਚਾ ਲਿਆ ਗਿਆ ਹੈ। ਬੱਸ ਵਿੱਚ ਸਵਾਰ ਸਾਰੇ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਲਈ ਪੌੜੀ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ ਹੈ। ਜ਼ਿਲ੍ਹਾ ਮੈਜਿਸਟਰੇਟ ਆਸ਼ੀਸ਼ ਚੌਹਾਨ ਘਟਨਾ ਵਾਲੀ ਥਾਂ ‘ਤੇ ਪਹੁੰਚੇ ਅਤੇ ਤੁਰੰਤ ਬਚਾਅ ਕਾਰਜ ਕੀਤਾ। ਇਸ ਦੇ ਨਾਲ ਹੀ ਜ਼ਿਲ੍ਹਾ ਮੈਜਿਸਟਰੇਟ ਨੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਹਾਦਸੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।