ਪੁਲਿਸ ਕਮਿਸ਼ਨਰ ਵੱਲੋਂ 2 ਮਹੀਨਿਆਂ ਲਈ ਲਾਈਆਂ ਸਖਤ ਪਾਬੰਦੀਆਂ
ਗੈਰਕਾਨੂੰਨੀ ਹੁੱਕਾ ਬਾਰ ਅਤੇ ਰਾਤ ਨੂੰ ਉੱਚੀ ਅਵਾਜ਼ ‘ਚ ਲਾਊਡ ਸਪੀਕਰ ਚਲਾਉਣ ਦੀ ਮਨਾਹੀ
ਪੀ ਜੀ ,ਹੋਟਲ ,ਸਰਾਵਾਂ, ਗੈਸਟ ਹਾਊਸ ,ਧਰਮਸ਼ਾਲਾ ਵਾਲਿਆਂ ਨੂੰ ਕੀਤਾ ਸੁਚੇਤ
ਲੁਧਿਆਣਾ, 19 ਫਰਵਰੀ (ਗੁਰਦੀਪ ਸਿੰਘ ਦੀਪ-ਨਿਊਜ਼ ਪੰਜਾਬ)-ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਸੌਂਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਇਲਾਕੇ ਅੰਦਰ ਵੱਖ-ਵੱਖ ਤਰ•ਾਂ ਪਾਬੰਦੀ ਹੁਕਮ ਜਾਰੀ ਕੀਤੇ ਹਨ, ਜੋ ਕਿ ਅਗਲੇ ਦੋ ਮਹੀਨੇ ਜਾਰੀ ਰਹਿਣਗੇ।
ਉਨ•ਾਂ ਪੁਲਿਸ ਕਮਿਸ਼ਨਰੇਟ ਦੇ ਇਲਾਕੇ ਵਿੱਚ ਗੈਰ ਕਾਨੂੰਨੀ ਹੁੱਕਾ-ਬਾਰ ਚਲਾਉਣ ‘ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਪੁਲਿਸ ਕਮਿਸ਼ਨਰ ਲੁਧਿਆਣਾ ਨੇ ਦੱਸਿਆ ਕਿ ਦਫ਼ਤਰ ਦੇ ਧਿਆਨ ਵਿੱਚ ਆਇਆ ਹੈ ਕਿ ਪੁਲਿਸ ਕਮਿਸ਼ਨਰੇਟ ਏਰੀਏ ਵਿੱਚ ਕਈ ਹੁੱਕਾ-ਬਾਰ ਚੱਲਾਏ ਜਾ ਰਹੇ ਹਨ, ਜਿਨ•ਾ ਅੰਦਰ ਤੰਬਾਕੂ, ਸ਼ਰਾਬ, ਸਿਗਰਟ ਅਤੇ ਮਨੁੱਖੀ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੈਮੀਕਲਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜੋ ਮਨੁੱਖੀ ਸਿਹਤ ਲਈ ਕਾਫੀ ਘਾਤਕ ਹਨ ਅਤੇ ਸਮਾਜ ਵਿੱਚ ਮਾੜਾ ਪ੍ਰਭਾਵ ਪੈਦਾ ਹੈ। ਇਸ ਲਈ ਮਨੁੱਖੀ ਸਰੀਰ ਨੂੰ ਘਾਤਕ ਬਿਮਾਰੀਆਂ ਅਤੇ ਖਾਸ ਕਰਕੇ ਨੌਜਵਾਨ ਵਰਗ ਨੂੰ ਅਜਿਹੇ ਨਸ਼ਿਆਂ ਤੋਂ ਬਚਾਉਣ ਲਈ ਹੁੱਕਾ-ਬਾਰ ‘ਤੇ ਪਾਬੰਦੀ ਲਗਾਈ ਗਈ ਹੈ।
ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਖੇਤਰ ਵਿੱਚ ਰਾਤ 10.00 ਵਜੇ ਤੋਂ ਸਵੇਰੇ 6.00 ਵਜੇ ਤੱਕ ਉੱਚੀ ਅਵਾਜ਼ ‘ਚ ਲਾਊਡ ਸਪੀਕਰ ਚਲਾਉਣ ਅਤੇ ਹੋਰ ਉੱਚੀ ਅਵਾਜ਼ ਵਿੱਚ ਚੱਲਣ ਵਾਲੀਆਂ ਆਈਟਮਾਂ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਉੱਚੀ ਅਵਾਜ ਵਿੱਚ ਲਾਊਡ ਸਪੀਕਰ ਚੱਲਣ ਨਾਲ ਆਮ ਨਾਗਰਿਕ, ਜਾਨਵਰ, ਪੰਛੀਆਂ ਅਤੇ ਬਿਮਾਰ ਤੇ ਲਚਾਰ ਵਿਅਕਤੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਇਸ ਸਮੇਂ ਦੌਰਾਨ ਕੋਈ ਉੱਚੀ ਲਾਊਡ ਸਪੀਕਰ ਦਾ ਪ੍ਰੋਗਰਾਮ ਹੈ ਤਾਂ ਸਬੰਧਤ ਅਧਿਕਾਰੀ ਪਾਸੋਂ ਇਸ ਦੀ ਆਗਿਆ ਲੈਣੀ ਹੁੰਦੀ ਹੈ। ਆਮ ਲੋਕਾਂ ਅਤੇ ਬਿਮਾਰ ਤੇ ਲਚਾਰ ਵਿਅਕਤੀਆਂ ਦੇ ਹਿੱਤ ਵਿੱਚ ਇਹ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ।
ਵਾਹਨਾਂ ‘ਤੇ ਲਗਾਈਆਂ ਨਿਯਮਾਂ ਤੋਂ ਉਲਟ ਨੰਬਰ ਪਲੇਟਾਂ ਦੇ ਸਿਰ ‘ਤੇ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ‘ਤੇ ਸ਼ਿਕੰਜਾ ਕੱਸਣ ਲਈ ਵੀ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਨਵੇਂ ਹੁਕਮ ਜਾਰੀ ਕੀਤੇ ਹਨ। ਇਸ ਹੁਕਮ ਤਹਿਤ ਜੇਕਰ ਦੁਕਾਨਦਾਰਾਂ/ਪੇਂਟਰਾਂ ਵੱਲੋਂ ਵਾਹਨਾਂ ਦੀਆਂ ਨੰਬਰ ਪਲੇਟਾਂ ਨਿਯਮਾਂ ਅਨੁਸਾਰ ਤਿਆਰ ਨਹੀਂ ਕੀਤੀਆਂ ਜਾਂਦੀਆਂ ਤਾਂ ਉਨ•ਾਂ ਖ਼ਿਲਾਫ਼ ਕਾਨੂੰਨ ਮੁਤਾਬਿਕ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਕਮਿਸ਼ਨਰ ਨੇ ਕਿਹਾ ਹੈ ਕਿ ਸ਼ਹਿਰ ਵਿੱਚ ਕੰਮ ਕਰਦੇ ਦੁਕਾਨਦਾਰਾਂ/ਪੇਂਟਰਾਂ ਵੱਲੋਂ ਵਾਹਨਾਂ ਦੀਆਂ ਨੰਬਰ ਪਲੇਟਾਂ ਨਿਯਮਾਂ ਅਨੁਸਾਰ ਤਿਆਰ ਨਹੀਂ ਕੀਤੀਆਂ ਜਾਂਦੀਆਂ ਹਨ। ਨਿਯਮਾਂ ਤੋਂ ਉਲਟ ਨੰਬਰ ਪਲੇਟਾਂ ਵਾਹਨਾਂ ‘ਤੇ ਵਰਤਣ ਨਾਲ ਸ਼ਰਾਰਤੀ ਅਨਸਰ ਵਾਰਦਾਤ ਕਰਨ ਉਪਰੰਤ ਆਸਾਨੀ ਨਾਲ ਫਰਾਰ ਹੋ ਜਾਂਦੇ ਹਨ। ਗਲਤ ਤਰੀਕੇ ਨਾਲ ਲਿਖੀ ਨੰਬਰ ਪਲੇਟ ਪੜਨ ਵਿੱਚ ਮੁਸ਼ਕਿਲ ਪੇਸ਼ ਆਉਂਦੀ ਹੈ। ਇਸ ਲਈ ਆਮ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਧਿਆਨ ਰੱਖਦਿਆਂ ਦੁਕਾਨਦਾਰਾਂ/ਪੇਂਟਰਾਂ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਗੈਰਕਾਨੂੰਨੀ ਨੰਬਰ ਪਲੇਟਾਂ ‘ਤੇ ਪਾਬੰਦੀ ਹੁਕਮ ਜਾਰੀ ਕੀਤੇ ਗਏ ਹਨ।
ਉਨ•ਾਂ ਆਪਣੇ ਅਧਿਕਾਰ ਖੇਤਰ ਵਿੱਚ ਚੱਲ ਰਹੇ ਜਾਂ ਨਵੇਂ ਬਣਾਏ ਜਾ ਰਹੇ ਸਮੂਹ ਗੈਰਕਾਨੂੰਨੀ ਹੋਟਲ/ਧਰਮਸ਼ਾਲਾ/ਸਰਾਂ/ਗੈਸਟ ਹਾਊਸ/ਪੀ. ਜੀ./ਪੈਲੇਸਾਂ ਦੇ ਪ੍ਰਬੰਧਕਾਂ ਨੂੰ ਹੁਕਮ ਜਾਰੀ ਕੀਤਾ ਹੈ ਕਿ ਉਹ ਸਰਾਏ ਐਕਟ 1867 ਤਹਿਤ ਬਤੌਰ ਕੀਪਰ ਆਪਣੇ-ਆਪਣੇ ਹੋਟਲ/ਧਰਮਸ਼ਾਲਾ/ਸਰਾਂ/ਗੈਸਟ ਹਾਊਸ/ਪੀ. ਜੀ./ਪੈਲੇਸਾਂ ਦੀ ਰਜਿਸਟਰੇਸ਼ਨ ਕਰਾਉਣੀ ਯਕੀਨੀ ਬਣਾਉਣ ਅਤੇ ਠਹਿਰਨ ਵਾਲੇ ਵਿਅਕਤੀਆਂ ਦਾ ਰਿਕਾਰਡ ਰੱਖਣ। ਇਹ ਹੁਕਮ ਤੁਰੰਤ ਜਾਰੀ ਹੋ ਗਏ ਹਨ।
ਜਾਰੀ ਹੁਕਮ ਵਿੱਚ ਉਨ•ਾਂ ਵੱਲੋਂ ਕਿਹਾ ਗਿਆ ਹੈ ਕਿ ਲੁਧਿਆਣਾ ਪੰਜਾਬ ਦਾ ਪ੍ਰਮੁੱਖ ਸਨਅਤੀ ਸ਼ਹਿਰ ਹੋਣ ਕਾਰਨ ਵਪਾਰੀ ਵਰਗ ਦਾ ਇਥੇ ਵਪਾਰ ਸੰਬੰਧੀ ਵੱਡੀ ਗਿਣਤੀ ਵਿੱਚ ਆਉਣਾ ਜਾਣਾ ਅਤੇ ਰਾਤ ਕੱਟਣ ਲਈ ਇਥੇ ਰਹਿਣਾ ਬਣਿਆ ਰਹਿੰਦਾ ਹੈ। ਦੇਖਣ ਵਿੱਚ ਆਇਆ ਹੈ ਕਿ ਉਕਤ ਰਿਹਾਇਸ਼ਾਂ ਦੇ ਕਈ ਪ੍ਰਬੰਧਕਾਂ ਵੱਲੋਂ ਕਾਨੂੰਨ ਅਨੁਸਾਰ ਰਜਿਸਟਰੇਸ਼ਨ ਨਹੀਂ ਕਰਵਾਈ ਹੁੰਦੀ ਹੈ। ਜਿਸ ਕਾਰਨ ਇਨ•ਾਂ ਥਾਵਾਂ ਵਿੱਚ ਠਹਿਰਨ ਵਾਲੇ ਯਾਤਰੀਆਂ/ਵਪਾਰੀਆਂ ਦੀ ਜਾਨ ਮਾਲ ਨੂੰ ਖ਼ਤਰਾ ਬਣਿਆ ਰਹਿੰਦਾ ਹੈ। ਲੋਕਾਂ ਦੀ ਸੁਰੱਖਿਆ ਸਮੇਤ ਹੋਰ ਕਈ ਕਾਰਨਾਂ ਨੂੰ ਮੁੱਖ ਰੱਖਕੇ ਇਹ ਹੁਕਮ ਜਾਰੀ ਕੀਤੇ ਗਏ ਹਨ I