ਜੇ ਤਿੰਨ ਹਥਿਆਰ ਰੱਖੇ ਤਾ ਅੰਦਰ ਹੋ ਜਾਓਗੇ
-ਵਾਧੂ ਹਥਿਆਰ ਤੁਰੰਤ ਜਮ੍ਹਾ ਕਰਾਉਣ ਦੇ ਆਦੇਸ਼
ਲੁਧਿਆਣਾ, 19 ਫਰਵਰੀ (ਨਿਊਜ਼ ਪੰਜਾਬ)-ਸ੍ਰ. ਇਕਬਾਲ ਸਿੰਘ ਸੰਧੂ ਨੇ ਜਿਲ੍ਹਾ ਮੈਜਿਸਟ੍ਰੇਟ ਲੁਧਿਆਣਾ ਵਜੋਂ ਅਸਲਾ ਲਾਇਸੈਂਸ ਧਾਰਕਾਂ ਨੂੰ ਹਦਾਇਤ ਕੀਤੀ ਹੈ ਕਿ ਜਿਨ੍ਹਾਂ ਕੋਲ ਦੋ ਤੋਂ ਵੱਧ ਹਥਿਆਰ ਹਨ, ਉਹ ਆਪਣਾ ਇੱਕ ਵਾਧੂ ਅਸਲਾ ਤੁਰੰਤ ਸੰਬੰਧਤ ਪੁਲਿਸ ਸਟੇਸ਼ਨ ਜਾਂ ਕਿਸੇ ਅਧਿਕਾਰਤ ਗੰਨ ਹਾਊਸ ਵਿੱਚ ਜਮਾ ਕਰਾਉਣ ਉਪਰੰਤ ਅਸਲਾ ਜਮ੍ਹਾ ਦੀ ਰਸੀਦ ਪੇਸ਼ ਕਰਕੇ ਇਨ੍ਹਾਂ ਦੇ ਨਿਪਟਾਰੇ/ਸੇਲ ਪ੍ਰਮੀਸ਼ਨ ਸਬੰਧੀ ਜਿਲ੍ਹਾ ਮੈਜਿਸਟ੍ਰੇਟ ਲੁਧਿਆਣਾ ਦੇ ਦਫ਼ਤਰ ਨਾਲ ਸੰਪਰਕ ਕਰਨ।
ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਅਣਗਹਿਲੀ ਦੀ ਸੂਰਤ ਵਿੱਚ ਲਾਇਸੈਂਸਧਾਰੀ ਖੁਦ ਜਿੰਮੇਵਾਰ ਹੋਣਗੇ। ਭਾਰਤ ਸਰਕਾਰ ਗ੍ਰਹਿ ਮੰਤਰਾਲੇ ਵੱਲੋਂ ਆਰਮ ਐਕਟ ਵਿੱਚ ਸੋਧ ਕੀਤੀ ਗਈ ਹੈ। ਪਹਿਲਾਂ ਲਾਇਸੈਂਸਧਾਰੀ ਆਪਣੇ ਲਾਇਸੈਂਸ ‘ਤੇ ਤਿੰਨ ਹਥਿਆਰ ਰੱਖ ਸਕਦਾ ਸੀ ਅਤੇ ਹੁਣ ਸੋਧ ਤੋਂ ਬਾਅਦ ਇੱਕ ਲਾਇਸੈਂਸਧਾਰੀ ਆਪਣੇ ਅਸਲਾ ਲਾਇਸੈਂਸ ‘ਤੇ ਇੱਕੋ ਸਮੇਂ ਕੇਵਲ ਦੋ ਹਥਿਆਰ ਹੀ ਰੱਖ ਸਕਦਾ ਹੈ। ਲਾਇਸੈਂਸਧਾਰਕ ਦੇ ਲਾਇਸੈਂਸ ‘ਤੇ ਦਰਜ ਤੀਸਰਾ ਹਥਿਆਰ ਗੈਰਕਾਨੂੰਨੀ ਮੰਨਿਆ ਜਾਵੇਗਾ।ਇਸ ਲਈ ਉਨ੍ਹਾਂ ਅਸਲਾਧਾਰਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਧੇਰੇ ਜਾਣਕਾਰੀ ਲਈ ਜਿਲ੍ਹਾ ਮੈਜਿਸਟ੍ਰੇਟ ਲੁਧਿਆਣਾ, ਖੰਨਾ ਅਤੇ ਜਗਰਾਂਉ ਦੇ ਦਫ਼ਤਰ ਨਾਲ ਤਾਲ-ਮੇਲ ਕਰ ਸਕਦੇ ਹਨ।