ਨਿੱਜੀ ਸਕੂਲ ਦੀ ਬੱਸ ਪਲਟਣ ਨਾਲ ਅੱਧਾ ਦਰਜਨ ਬੱਚੇ ਜ਼ਖਮੀ- ਕਮਾਨੀ ਖੁੱਲ੍ਹਣ ਕਾਰਨ ਵਾਪਰਿਆ ਹਾਦਸਾ
ਸ਼੍ਰੀ ਅੰਮ੍ਰਿਤਸਰ 18 ਫਰਵਰੀ ( ਨਿਊਜ਼ ਪੰਜਾਬ )- ਬੀਤੇ ਦਿਨੀ ਸੰਗਰੂਰ ਦੇ ਲੌਂਗੋਵਾਲ ਇਲਾਕੇ ਵਿੱਚ ਵਾਪਰੇ ਸਕੂਲ ਵੈਨ ਹਾਦਸੇ ਤੋਂ ਬਾਅਦ ਸਕੂਲੀ ਵਾਹਨਾਂ ਦੀ ਆਰੰਭ ਹੋਈ ਚੈਕਿੰਗ ਤੋਂ ਬਾਅਦ ਵੀ ਲਾਪਰਵਾਹੀਆਂ ਸਾਹਮਣੇ ਆ ਰਹੀਆਂ ਹਨ ,ਅੱਜ ਸਵੇਰੇ ਪਿੰਡ ਚਾਨੀਆਂ ‘ਚ ਖੇਤਾਂ ‘ਚ ਇੱਕ ਨਿੱਜੀ ਸਕੂਲ ਦੀ ਬੱਸ ਪਲਟਣ ਨਾਲ ਅੱਧਾ ਦਰਜਨ ਬੱਚਿਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਘਟਨਾ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਬੱਚਿਆਂ ਨੂੰ ਬੱਸ ‘ਚੋਂ ਬਾਹਰ ਕੱਢਿਆ। ਜਾਣਕਾਰੀ ਮੁਤਾਬਕ ਸਮਰਾਏ ਪਿੰਡ ਦੇ ਇੱਕ ਨਿੱਜੀ ਸਕੂਲ ਨਾਲ ਸੰਬੰਧਿਤ ਇਹ ਬੱਸ ਬਜੂਹਾ ਤੋਂ ਚਾਨੀਆਂ ਬੱਚੇ ਲੈਣ ਜਾ ਰਹੀ ਸੀ। ਸਕੂਲ ਪ੍ਰਬੰਧਕਾਂ ਮੁਤਾਬਕ ਬੱਸ ਦੀ ਅਗਲੀ ਕਮਾਨੀ ਖੁੱਲ੍ਹਣ ਕਾਰਨ ਇਹ ਹਾਦਸਾ ਵਾਪਰਿਆ। ਨੇੜਲੇ ਇਲਾਕਿਆਂ ਵਿੱਚ ਸਕੂਲ ਬੱਸ ਪਲਟਨ ਦੀ ਖ਼ਬਰ ਆਈ ਤਾ ਮਾਪਿਆਂ ਵਿੱਚ ਬਚਿਆ ਬਾਰੇ ਚਿੰਤਾ ਪੈਦਾ ਹੋ ਗਈ , ਲੋਕ ਪੁਲਿਸ ਥਾਣੇ ਅਤੇ ਸਕੂਲਾਂ ਵਿੱਚ ਫੋਨ ਕਰ ਕੇ ਜਾਣਕਾਰੀ ਲੈਣ ਲਗੇ , ਸਕੂਲ ਪ੍ਰਬੰਧਕਾਂ ਮੁਤਾਬਕ ਬੱਸ ‘ਚ ਸਵਾਰ ਬੱਚੇ ਸਹੀ ਸਲਾਮਤ ਸਕੂਲ ਪੁੱਜ ਗਏ ਹਨ। ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਚੌਕੀ ਸ਼ੰਕਰ ਦੇ ਮੁਲਾਜ਼ਮਾਂ ਨੇ ਬੱਸ ਨੂੰ ਆਪਣੇ ਕਬਜ਼ੇ ‘ਚ ਲਿਆ ਗਿਆ ਹੈ। ਹਾਦਸੇ ਤੋਂ ਬਾਅਦ ਬੱਸ ਚਾਲਕ ਤਰਸੇਮ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ।