ਬਿਸਲੇਰੀ ਦੀਆਂ ਵਧੀਆਂ ਮੁਸ਼ਕਲਾਂ, ਪਾਣੀ ਦੇ ਨਮੂਨੇ ਜਾਂਚ ‘ਚ ਫੇਲ੍ਹ ਹੋਣ ਮਗਰੋਂ FSSAI ਨੇ ਮੁਕੱਦਮਾ ਚਲਾਉਣ ਦੀ ਦਿੱਤੀ ਮਨਜ਼ੂਰੀ

ਨਿਊਜ਼ ਪੰਜਾਬ

28 ਨਵੰਬਰ,2026

ਪੈਕੇਜਡ ਪੀਣ ਵਾਲੇ ਪਾਣੀ ਦੀ ਮਸ਼ਹੂਰ ਕੰਪਨੀ ਬਿਸਲੇਰੀ ਇੰਟਰਨੈਸ਼ਨਲ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਨਜ਼ਰ ਆ ਰਹੀਆਂ ਹਨ। ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਨੇ ਪੱਛਮੀ ਬੰਗਾਲ ਵਿੱਚ ਕੰਪਨੀ ਦੇ ਪਲਾਂਟ ਤੋਂ ਲਏ ਗਏ ਪਾਣੀ ਦੇ ਨਮੂਨੇ ਜਾਂਚ ਵਿੱਚ ਅਸੁਰੱਖਿਅਤ ਪਾਏ ਜਾਣ ਤੋਂ ਬਾਅਦ ਕੰਪਨੀ ਵਿਰੁੱਧ ਇੱਕ ਹੋਰ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਜਾਣਕਾਰੀ ਅਨੁਸਾਰ ਜਲਪਾਈਗੁੜੀ ਜ਼ਿਲ੍ਹੇ ਦੇ ਤੇਲੀਪਾੜਾ ਪਿੰਡ ਵਿੱਚ ਸਥਿਤ ਬਿਸਲੇਰੀ ਦੇ ਪਲਾਂਟ ਤੋਂ ਪਾਣੀ ਦਾ ਕਾਨੂੰਨੀ ਨਮੂਨਾ ਇਕੱਠਾ ਕੀਤਾ ਗਿਆ ਸੀ, ਜਿਸ ਦੀ ਜਾਂਚ ਦੌਰਾਨ ਕੋਲੀਫਾਰਮ ਬੈਕਟੀਰੀਆ ਦੀ ਮੌਜੂਦਗੀ ਸਾਹਮਣੇ ਆਈ। ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਾਇਮਰੀ ਅਤੇ ਰੈਫਰਲ ਦੋਵਾਂ ਪ੍ਰਯੋਗਸ਼ਾਲਾਵਾਂ ਨੇ ਨਮੂਨੇ ਵਿੱਚ ਬੈਕਟੀਰੀਆ ਹੋਣ ਦੀ ਪੁਸ਼ਟੀ ਕੀਤੀ।

ਇਸ ਤੋਂ ਇਲਾਵਾ ਜਾਂਚ ਦੌਰਾਨ ਪੌਲੀਨਿਊਕਲੀਅਰ ਐਰੋਮੈਟਿਕ ਹਾਈਡ੍ਰੋਕਾਰਬਨ (PAHs) ਵਰਗੇ ਹਾਨੀਕਾਰਕ ਤੱਤ ਵੀ ਪਾਏ ਗਏ, ਜਿਸ ਕਾਰਨ ਪਾਣੀ ਨੂੰ ਮਨੁੱਖੀ ਖਪਤ ਲਈ ਅਸੁਰੱਖਿਅਤ ਘੋਸ਼ਿਤ ਕੀਤਾ ਗਿਆ। ਇਸ ਤੋਂ ਪਹਿਲਾਂ 12 ਅਗਸਤ 2026 ਨੂੰ FSSAI ਨੇ ਸਬੰਧਤ ਬੈਚ ਦੀ ਵਿਕਰੀ ‘ਤੇ ਪਾਬੰਦੀ ਲਗਾਈ ਸੀ, ਪਰ ਹੁਣ ਖੁਰਾਕ ਸੁਰੱਖਿਆ ਅਤੇ ਮਿਆਰ ਐਕਟ, 2006 ਤਹਿਤ ਕੰਪਨੀ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗੋਆ ਦੇ ਇੱਕ ਪਲਾਂਟ ਤੋਂ ਲਏ ਗਏ ਪਾਣੀ ਦੇ ਨਮੂਨੇ ਦੀ ਜਾਂਚ ਵਿੱਚ ਵੀ ਖਾਮੀਆਂ ਸਾਹਮਣੇ ਆਈਆਂ ਸਨ, ਜਿਸ ਤੋਂ ਬਾਅਦ ਬਿਸਲੇਰੀ ਵਿਰੁੱਧ ਇਸੇ ਤਰ੍ਹਾਂ ਦੀ ਕਾਰਵਾਈ ਦਾ ਐਲਾਨ ਕੀਤਾ ਗਿਆ ਸੀ। ਲਗਾਤਾਰ ਦੋ ਵੱਖ-ਵੱਖ ਪਲਾਂਟਾਂ ਦੇ ਨਮੂਨਿਆਂ ਵਿੱਚ ਖਾਮੀਆਂ ਮਿਲਣ ਕਾਰਨ ਕੰਪਨੀ ਦੀ ਪਾਣੀ ਦੀ ਗੁਣਵੱਤਾ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਦੂਜੇ ਪਾਸੇ, ਬਿਸਲੇਰੀ ਨੇ ਆਪਣੇ ਉਤਪਾਦਾਂ ਨੂੰ ਖਪਤ ਲਈ ਸੁਰੱਖਿਅਤ ਦੱਸਿਆ ਹੈ ਅਤੇ ਕਿਹਾ ਹੈ ਕਿ ਉਹ ਇਸ ਮਾਮਲੇ ਨੂੰ ਸੁਲਝਾਉਣ ਲਈ FSSAI ਨਾਲ ਪੂਰਾ ਸਹਿਯੋਗ ਕਰੇਗੀ।