ਨਿਊਜ਼ ਪੰਜਾਬ
28 ਨਵੰਬਰ,2026
ਮੁਹਾਲੀ ਹੁਣ ਚੰਡੀਗੜ੍ਹ ਟ੍ਰਾਈਸਿਟੀ ਵਿੱਚ ਵੱਡੇ ਸੰਗੀਤ ਸਮਾਰੋਹਾਂ ਦੇ ਨਵੇਂ ਕੇਂਦਰ ਵਜੋਂ ਉਭਰ ਰਿਹਾ ਹੈ। ਨਵੇਂ ਸਾਲ ਤੋਂ ਪਹਿਲਾਂ ਪੰਜਾਬੀ ਸੰਗੀਤ ਦੇ ਚਾਰ ਵੱਡੇ ਸਿਤਾਰੇ ਦਿਲਜੀਤ ਦੋਸਾਂਝ, ਸਤਿੰਦਰ ਸਰਤਾਜ, ਗੁਰਨਾਮ ਭੁੱਲਰ ਅਤੇ ਸ਼ੈਰੀ ਮਾਨ ਆਪਣੇ ਸ਼ਾਨਦਾਰ ਲਾਈਵ ਸ਼ੋਅ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਨ੍ਹਾਂ ਗਾਇਕਾਂ ਦੇ ਸ਼ੋਅ ਮੁਹਾਲੀ ਅਤੇ ਨਿਊ ਚੰਡੀਗੜ੍ਹ ਦੇ ਤਿੰਨ ਵੱਖ-ਵੱਖ ਸਥਾਨਾਂ ‘ਤੇ ਕਰਵਾਏ ਜਾਣਗੇ। ਇਨ੍ਹਾਂ ਵਿੱਚੋਂ ਦਿਲਜੀਤ ਦੋਸਾਂਝ ਦਾ 12 ਦਸੰਬਰ ਨੂੰ ਮੁੱਲਾਂਪੁਰ ਸਥਿਤ ਪੀਸੀਏ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਹੋਣ ਵਾਲਾ ਕੰਸਰਟ ਸਭ ਤੋਂ ਵੱਧ ਚਰਚਾ ਵਿੱਚ ਹੈ। ਇਸ ਸ਼ੋਅ ਦੀਆਂ ਜ਼ਿਆਦਾਤਰ ਟਿਕਟਾਂ ਵਿਕ ਚੁੱਕੀਆਂ ਹਨ ਅਤੇ ਟਿਕਟਾਂ ਦੀ ਵਿਕਰੀ ਤੋਂ ਕਰੋੜਾਂ ਰੁਪਏ ਦੀ ਕਮਾਈ ਹੋਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਸ਼ੈਰੀ ਮਾਨ 28 ਨਵੰਬਰ, ਸਤਿੰਦਰ ਸਰਤਾਜ 31 ਦਸੰਬਰ ਦੀ ਰਾਤ ਅਤੇ ਗੁਰਨਾਮ ਭੁੱਲਰ ਵੀ 31 ਦਸੰਬਰ ਨੂੰ ਆਪਣੇ ਸ਼ੋਅ ਨਾਲ ਸੰਗੀਤ ਪ੍ਰੇਮੀਆਂ ਵਿੱਚ ਨਵੇਂ ਸਾਲ ਦਾ ਜਸ਼ਨ ਦੁੱਗਣਾ ਕਰਨਗੇ। ਵੱਡੇ ਕਲਾਕਾਰਾਂ ਦੇ ਲਗਾਤਾਰ ਹੋਣ ਵਾਲੇ ਇਨ੍ਹਾਂ ਸਮਾਗਮਾਂ ਨਾਲ ਮੁਹਾਲੀ ਦੀ ਪਛਾਣ ਹੁਣ ਪੰਜਾਬ ਵਿੱਚ ਵੱਡੇ ਲਾਈਵ ਕੰਸਰਟਾਂ ਦੇ ਪ੍ਰਮੁੱਖ ਕੇਂਦਰ ਵਜੋਂ ਬਣਦੀ ਜਾ ਰਹੀ ਹੈ।
