ਨਿਊਜ਼ ਪੰਜਾਬ
26 ਨਵੰਬਰ,2026
ਫਾਜ਼ਿਲਕਾ-ਫਿਰੋਜ਼ਪੁਰ ਹਾਈਵੇਅ ’ਤੇ ਬੀਤੀ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 23 ਸਾਲਾ ਨੌਜਵਾਨ ਜਸਕਰਨ ਸਿੰਘ ਦੀ ਮੌਤ ਹੋ ਗਈ, ਜਦਕਿ ਉਸ ਦੇ ਨਾਲ ਕਾਰ ਵਿੱਚ ਸਵਾਰ ਪੰਜ ਦੋਸਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਜਸਕਰਨ ਆਪਣੇ ਪੰਜ ਦੋਸਤਾਂ ਨਾਲ ਤੇਜ਼ ਰਫ਼ਤਾਰ ਕਾਰ ਵਿੱਚ ਜਾ ਰਿਹਾ ਸੀ ਕਿ ਟੋਲ ਪਲਾਜ਼ਾ ਨੇੜੇ ਸੜਕ ’ਤੇ ਪੁਲਿਸ ਵੱਲੋਂ ਚੈਕਿੰਗ ਲਈ ਰੋਕ ਕੇ ਖੜ੍ਹੇ ਕੀਤੇ ਟਰਾਲੇ ਨਾਲ ਕਾਰ ਦੀ ਜ਼ੋਰਦਾਰ ਟੱਕਰ ਹੋ ਗਈ। ਹਾਦਸੇ ਵਿੱਚ ਜਸਕਰਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਹ ਜਲਾਲਾਬਾਦ ਦੇ ਪਿੰਡ ਦਿਲਾਰਾਮ ਦਾ ਰਹਿਣ ਵਾਲਾ ਸੀ ਅਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਹਾਦਸੇ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਉੱਥੇ ਹੀ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਟਰਾਲੇ ਦੇ ਪਿੱਛੇ ਕੋਈ ਬੈਰੀਕੇਡ ਜਾਂ ਰਿਫਲੈਕਟਰ ਨਹੀਂ ਲਗਾਇਆ ਗਿਆ ਸੀ, ਜਿਸ ਕਾਰਨ ਹਾਦਸਾ ਵਾਪਰਨ ਦੀ ਗੱਲ ਸਾਹਮਣੇ ਆ ਰਹੀ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
