ਨਿਊਜ਼ ਪੰਜਾਬ
20 ਨਵੰਬਰ,2026
ਦੇਸ਼ ਭਰ ਦੇ ਵਾਹਨ ਚਾਲਕਾਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵੱਲੋਂ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ (PUC) ਦੀ ਮਿਆਦ ਅਤੇ ਨਵੀਨੀਕਰਨ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ। ਨਵੇਂ ਨਿਯਮਾਂ ਤਹਿਤ BS-VI ਮਾਪਦੰਡਾਂ ਵਾਲੇ ਵਾਹਨਾਂ ਨੂੰ ਉਨ੍ਹਾਂ ਦੀ ਉਮਰ ਅਤੇ ਨਿੱਜੀ ਜਾਂ ਕਮਰਸ਼ੀਅਲ ਵਰਤੋਂ ਦੇ ਆਧਾਰ ‘ਤੇ PUC ਸਰਟੀਫਿਕੇਟ ਬਣਵਾਉਣਾ ਪਵੇਗਾ। ਛੇ ਸਾਲ ਤੱਕ ਪੁਰਾਣੇ ਨਿੱਜੀ BS-VI ਵਾਹਨਾਂ ਲਈ ਹਰ ਤਿੰਨ ਸਾਲ ਬਾਅਦ ਸਰਟੀਫਿਕੇਟ ਬਣਵਾਉਣਾ ਹੋਵੇਗਾ, ਜਦਕਿ ਛੇ ਤੋਂ ਦਸ ਸਾਲ ਪੁਰਾਣੇ ਵਾਹਨਾਂ ਲਈ ਹਰ ਸਾਲ ਅਤੇ ਦਸ ਸਾਲ ਤੋਂ ਵੱਧ ਪੁਰਾਣੇ ਵਾਹਨਾਂ ਲਈ ਹਰ ਛੇ ਮਹੀਨੇ ਬਾਅਦ ਸਰਟੀਫਿਕੇਟ ਰੀਨਿਊ ਕਰਵਾਉਣਾ ਲਾਜ਼ਮੀ ਹੋਵੇਗਾ। ਦੂਜੇ ਪਾਸੇ, ਕਮਰਸ਼ੀਅਲ BS-VI ਵਾਹਨਾਂ ਲਈ ਛੇ ਸਾਲ ਤੱਕ ਦੀ ਮਿਆਦ ਦੋ ਸਾਲ, ਛੇ ਤੋਂ ਦਸ ਸਾਲ ਤੱਕ ਹਰ ਸਾਲ ਅਤੇ ਦਸ ਸਾਲ ਤੋਂ ਵੱਧ ਪੁਰਾਣੇ ਵਾਹਨਾਂ ਲਈ ਹਰ ਛੇ ਮਹੀਨੇ ਬਾਅਦ PUC ਸਰਟੀਫਿਕੇਟ ਬਣਵਾਉਣਾ ਪਵੇਗਾ। ਸਰਕਾਰ ਦੇ ਇਸ ਫੈਸਲੇ ਦਾ ਮੁੱਖ ਮਕਸਦ ਵਾਹਨਾਂ ਦੀ ਉਮਰ ਅਤੇ ਉਨ੍ਹਾਂ ਤੋਂ ਨਿਕਲਣ ਵਾਲੇ ਪ੍ਰਦੂਸ਼ਣ ਨੂੰ ਧਿਆਨ ਵਿੱਚ ਰੱਖਦਿਆਂ ਨਿਯਮਾਂ ਨੂੰ ਲਾਗੂ ਕਰਨਾ ਹੈ।
