2027 ਵਿਸ਼ਵ ਕੱਪ ਹੋਵੇਗਾ ਵਿਰਾਟ ਕੋਹਲੀ ਦਾ ਆਖਰੀ, ਖਿਤਾਬ ਜਿੱਤਣ ਲਈ ਲਗਾਉਣਗੇ ਪੂਰਾ ਜ਼ੋਰ

ਨਿਊਜ਼ ਪੰਜਾਬ

27 ਸਤੰਬਰ,2026

ਵਿਰਾਟ ਕੋਹਲੀ ਨੇ ਪੁਸ਼ਟੀ ਕੀਤੀ ਹੈ ਕਿ 2027 ਵਿੱਚ ਹੋਣ ਵਾਲਾ ICC ਪੁਰਸ਼ ਵਨਡੇ ਵਿਸ਼ਵ ਕੱਪ ਭਾਰਤ ਲਈ ਉਨ੍ਹਾਂ ਦਾ ਆਖਰੀ 50 ਓਵਰਾਂ ਦਾ ਵਿਸ਼ਵ ਕੱਪ ਹੋਵੇਗਾ। ਕੋਹਲੀ ਨੇ ਕਿਹਾ ਕਿ ਇਸ ਟੂਰਨਾਮੈਂਟ ਨੂੰ ਲੈ ਕੇ ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰੇਰਣਾ ਭਾਰਤ ਲਈ ਵਿਸ਼ਵ ਕੱਪ ਜਿੱਤਣਾ ਹੈ ਅਤੇ ਇਸ ਟੀਚੇ ਨੂੰ ਹਾਸਲ ਕਰਨ ਲਈ ਉਹ ਆਪਣਾ ਸਭ ਕੁਝ ਲਗਾਉਣ ਲਈ ਤਿਆਰ ਹਨ। ਕੋਹਲੀ ਨੇ 2011 ਵਿੱਚ ਆਪਣਾ ਪਹਿਲਾ ਵਿਸ਼ਵ ਕੱਪ ਖੇਡਿਆ ਸੀ ਅਤੇ ਐੱਮਐੱਸ ਧੋਨੀ ਦੀ ਕਪਤਾਨੀ ਹੇਠ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹੇ ਸਨ। ਇਸ ਤੋਂ ਬਾਅਦ ਉਹ 2015, 2019 ਅਤੇ 2023 ਦੇ ਵਿਸ਼ਵ ਕੱਪ ਵੀ ਖੇਡ ਚੁੱਕੇ ਹਨ। 2027 ਦਾ ਵਿਸ਼ਵ ਕੱਪ ਦੱਖਣੀ ਅਫਰੀਕਾ, ਜ਼ਿੰਬਾਬਵੇ ਅਤੇ ਨਾਮੀਬੀਆ ਵਿੱਚ ਖੇਡਿਆ ਜਾਣਾ ਹੈ। ਕੋਹਲੀ ਨੇ ਕਿਹਾ ਕਿ 50 ਓਵਰਾਂ ਦੇ ਵਿਸ਼ਵ ਕੱਪ ਦੀ ਤੀਬਰਤਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਲੰਬੇ ਟੂਰਨਾਮੈਂਟ ਦੌਰਾਨ ਇਸ ਪੱਧਰ ਨੂੰ ਬਰਕਰਾਰ ਰੱਖਣਾ ਵੱਡੀ ਚੁਣੌਤੀ ਹੁੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਹਾਲਾਤਾਂ ਵਿੱਚ ਹੋਣ ਵਾਲੇ ਇਸ ਟੂਰਨਾਮੈਂਟ ਲਈ ਖਿਡਾਰੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਪੂਰੀ ਤਿਆਰੀ ਕਰਨੀ ਪਵੇਗੀ। ਇਸ ਦੇ ਨਾਲ ਹੀ ਭਾਰਤ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਨੇ ਵੀ 2027 ਵਿਸ਼ਵ ਕੱਪ ਵਿੱਚ ਖੇਡਣ ਦੀ ਉਮੀਦ ਜ਼ਾਹਰ ਕੀਤੀ ਹੈ। ਰੋਹਿਤ ਨੇ ਕਿਹਾ ਕਿ ਵਿਸ਼ਵ ਕੱਪ ਵਿੱਚ ਵੱਖ-ਵੱਖ ਟੀਮਾਂ ਅਤੇ ਮੈਦਾਨਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਲਈ ਖਿਡਾਰੀਆਂ ਨੂੰ ਵੱਖਰੇ ਢੰਗ ਨਾਲ ਤਿਆਰੀ ਕਰਨੀ ਪੈਂਦੀ ਹੈ।