ਪੰਜਾਬ ‘ਚ ਬਿਜਲੀ ਕੱਟਾਂ ਤੋਂ ਵੱਡੀ ਰਾਹਤ, ਤਲਵੰਡੀ ਸਾਬੋ ਤੇ ਰਾਜਪੁਰਾ ਥਰਮਲ ਦੇ ਸਾਰੇ ਯੂਨਿਟ ਚਾਲੂ

ਨਿਊਜ਼ ਪੰਜਾਬ

13 ਸਤੰਬਰ,2026

ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਜਾਰੀ ਬਿਜਲੀ ਸੰਕਟ ਤੋਂ ਹੁਣ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਤਲਵੰਡੀ ਸਾਬੋ ਅਤੇ ਰਾਜਪੁਰਾ ਥਰਮਲ ਪਲਾਂਟ ਦੇ ਸਾਰੇ ਯੂਨਿਟ ਮੁੜ ਚਾਲੂ ਹੋ ਗਏ ਹਨ, ਜਿਸ ਨਾਲ ਦੋਵਾਂ ਪਲਾਂਟਾਂ ਤੋਂ ਕੁੱਲ ਕਰੀਬ 3300 ਮੈਗਾਵਾਟ ਬਿਜਲੀ ਦਾ ਉਤਪਾਦਨ ਸ਼ੁਰੂ ਹੋ ਗਿਆ ਹੈ। ਪਾਵਰਕਾਮ ਮੁਤਾਬਕ ਐਤਵਾਰ ਤੋਂ ਖੇਤੀਬਾੜੀ ਅਤੇ ਇੰਡਸਟਰੀਅਲ ਖੇਤਰਾਂ ਵਿੱਚ ਲਗਾਏ ਜਾ ਰਹੇ ਬਿਜਲੀ ਕੱਟ ਬੰਦ ਕਰ ਦਿੱਤੇ ਗਏ ਹਨ। ਦੋਵੇਂ ਥਰਮਲ ਪਲਾਂਟ ਹੁਣ ਆਪਣੀ ਪੂਰੀ ਸਮਰੱਥਾ ਨਾਲ ਬਿਜਲੀ ਉਤਪਾਦਨ ਕਰ ਰਹੇ ਹਨ।

ਦਰਅਸਲ, ਕੋਲੇ ਦੀ ਕਮੀ ਕਾਰਨ ਰਾਜਪੁਰਾ ਥਰਮਲ ਪਲਾਂਟ ਦੀ ਇੱਕ ਯੂਨਿਟ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਦੀਆਂ ਦੋ ਯੂਨਿਟਾਂ ਬੰਦ ਹੋ ਗਈਆਂ ਸਨ। ਇਸ ਕਾਰਨ ਬਿਜਲੀ ਦੀ ਮੰਗ ਅਤੇ ਸਪਲਾਈ ਵਿਚਕਾਰ ਵੱਡਾ ਫਰਕ ਪੈਦਾ ਹੋ ਗਿਆ ਸੀ ਅਤੇ ਖਾਸ ਕਰਕੇ ਸ਼ਾਮ ਦੇ ਸਮੇਂ ਉਦਯੋਗਾਂ ਨੂੰ ਲੰਬੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ। ਲੁਧਿਆਣਾ, ਜਲੰਧਰ ਅਤੇ ਮੰਡੀ ਗੋਬਿੰਦਗੜ੍ਹ ਵਰਗੇ ਵੱਡੇ ਇੰਡਸਟਰੀਅਲ ਖੇਤਰਾਂ ਵਿੱਚ 10 ਤੋਂ 11 ਘੰਟਿਆਂ ਤੱਕ ਬਿਜਲੀ ਬੰਦ ਰਹੀ। ਇਸ ਦੇ ਨਾਲ ਹੀ ਸ਼ਹਿਰੀ ਇਲਾਕਿਆਂ ਵਿੱਚ 3 ਤੋਂ 4 ਘੰਟੇ ਅਤੇ ਪੇਂਡੂ ਖੇਤਰਾਂ ਵਿੱਚ ਵੀ ਕਰੀਬ 1 ਘੰਟੇ ਤੱਕ ਕੱਟ ਲੱਗੇ, ਜਦਕਿ ਕਿਸਾਨਾਂ ਨੂੰ ਟਿਊਬਵੈੱਲ ਚਲਾਉਣ ਲਈ ਵੀ ਪੂਰੀ ਬਿਜਲੀ ਨਹੀਂ ਮਿਲ ਰਹੀ ਸੀ।

ਹੁਣ ਥਰਮਲ ਪਲਾਂਟਾਂ ਦੇ ਸਾਰੇ ਯੂਨਿਟ ਚਾਲੂ ਹੋਣ ਅਤੇ 3300 ਮੈਗਾਵਾਟ ਉਤਪਾਦਨ ਸ਼ੁਰੂ ਹੋਣ ਨਾਲ ਸਥਿਤੀ ਵਿੱਚ ਸੁਧਾਰ ਆਉਣ ਦੀ ਉਮੀਦ ਹੈ। ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਵੱਲੋਂ ਵੀ ਪਹਿਲਾਂ ਦਾਅਵਾ ਕੀਤਾ ਗਿਆ ਸੀ ਕਿ ਮੌਜੂਦਾ ਬਿਜਲੀ ਸੰਕਟ ਨੂੰ ਇੱਕ-ਦੋ ਦਿਨਾਂ ਵਿੱਚ ਹੱਲ ਕਰ ਲਿਆ ਜਾਵੇਗਾ। ਪਾਵਰ ਸਪਲਾਈ ਵਿੱਚ ਆਈ ਇਸ ਰਾਹਤ ਨਾਲ ਉਦਯੋਗਾਂ ਦੇ ਕੰਮਕਾਜ ਦੇ ਨਾਲ-ਨਾਲ ਖੇਤੀਬਾੜੀ ਸੈਕਟਰ ਨੂੰ ਵੀ ਵੱਡੀ ਰਾਹਤ ਮਿਲਣ ਦੀ ਉਮੀਦ ਹੈ।