ਲੁਧਿਆਣਾ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਲੋਕ ਅਦਾਲਤ ਦੌਰਾਨ ਮਚਿਆ ਹੜਕੰਪ

ਨਿਊਜ ਪੰਜਾਬ

12 ਸਤੰਬਰ 2026

ਲੁਧਿਆਣਾ ਦੇ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ। ਇਹ ਧਮਕੀ ਉਸ ਸਮੇਂ ਮਿਲੀ ਜਦੋਂ ਕੋਰਟ ਕੰਪਲੈਕਸ ਵਿੱਚ ਰਾਸ਼ਟਰੀ ਲੋਕ ਅਦਾਲਤ ਚੱਲ ਰਹੀ ਸੀ ਅਤੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਜਾਣਕਾਰੀ ਮੁਤਾਬਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਧਿਕਾਰਤ ਈ-ਮੇਲ ’ਤੇ ਧਮਕੀ ਭਰੀ ਮੇਲ ਭੇਜੀ ਗਈ, ਜਿਸ ਵਿੱਚ ਦੁਪਹਿਰ 1:11 ਵਜੇ ਬੰਬ ਧਮਾਕਾ ਕਰਨ ਦੀ ਗੱਲ ਕਹੀ ਗਈ। ਸੂਚਨਾ ਮਿਲਦੇ ਹੀ ਪੁਲਿਸ ਨੇ ਸੁਰੱਖਿਆ ਸਖ਼ਤ ਕਰਦਿਆਂ ਡੌਗ ਸਕਵੈਡ ਅਤੇ ਬੰਬ ਨਿਰੋਧਕ ਦਸਤੇ ਨੂੰ ਮੌਕੇ ’ਤੇ ਬੁਲਾ ਲਿਆ। ਟੀਮਾਂ ਵੱਲੋਂ ਕੋਰਟ ਕੰਪਲੈਕਸ ਦੇ ਅੰਦਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਧਮਕੀ ਭਰੀ ਈ-ਮੇਲ ਦੇ ਸਰੋਤ ਅਤੇ ਇਸ ਨੂੰ ਭੇਜਣ ਵਾਲੇ ਵਿਅਕਤੀ ਦੀ ਪਛਾਣ ਕਰਨ ਵਿੱਚ ਜੁਟ ਗਈ ਹੈ।