ਨਿਊਜ਼ ਪੰਜਾਬ
7 ਸਤੰਬਰ,2026
ਦਿੱਲੀ ਦੇ ਸਤਿਆ ਨਿਕੇਤਨ ਇਲਾਕੇ ਵਿੱਚ ਐਤਵਾਰ ਦੁਪਹਿਰ ਡਿੱਗੀ ਇਮਾਰਤ ਦਾ ਮਲਬਾ ਹਟਾਉਣ ਦਾ ਕੰਮ ਅਜੇ ਵੀ ਜੰਗੀ ਪੱਧਰ ’ਤੇ ਜਾਰੀ ਹੈ। ਇਸ ਭਿਆਨਕ ਹਾਦਸੇ ਵਿੱਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 12 ਲੋਕਾਂ ਨੂੰ ਸੁਰੱਖਿਅਤ ਰੈਸਕਿਊ ਕੀਤਾ ਗਿਆ ਹੈ। 5 ਲੋਕ ਗੰਭੀਰ ਜ਼ਖਮੀ ਹਨ, ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਰੈਸਕਿਊ ਟੀਮਾਂ ਵੱਲੋਂ ਡੌਗ ਸਕੁਐਡ ਅਤੇ ਵਿਸ਼ੇਸ਼ ਕੈਮਰਿਆਂ ਦੀ ਮਦਦ ਨਾਲ ਮਲਬੇ ਹੇਠਾਂ ਫਸੇ ਹੋਰ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਕਰੀਬ 40 ਸਾਲ ਪੁਰਾਣੀ ਇਮਾਰਤ ਦੀ ਬੇਸਮੈਂਟ ਵਿੱਚ ਪਿਛਲੇ ਕੁਝ ਦਿਨਾਂ ਤੋਂ ਤੋੜਫੋੜ ਅਤੇ ਖੁਦਾਈ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਪਿਲਰ ਖਿਸਕਣ ਕਾਰਨ ਪੂਰੀ ਇਮਾਰਤ ਢਹਿ ਗਈ। ਹਾਦਸੇ ਤੋਂ ਬਾਅਦ ਨਾਲ ਲੱਗਦੀ ਇਮਾਰਤ ਨੂੰ ਵੀ ਖਾਲੀ ਕਰਵਾ ਲਿਆ ਗਿਆ ਹੈ, ਕਿਉਂਕਿ ਉਸ ਵਿੱਚ ਦਰਾਰਾਂ ਆਉਣ ਕਾਰਨ ਉਸ ਦੇ ਵੀ ਡਿੱਗਣ ਦਾ ਖਤਰਾ ਬਣਿਆ ਹੋਇਆ ਹੈ। ਪੁਲਿਸ ਨੇ ਇਮਾਰਤ ਦੇ ਮਾਲਕ ਖ਼ਿਲਾਫ਼ ਗੈਰ-ਇਰਾਦਤਨ ਕਤਲ ਅਤੇ ਲਾਪਰਵਾਹੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁੱਖ ਮੰਤਰੀ ਵੱਲੋਂ ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ, ਜਦਕਿ MCD ਵੱਲੋਂ ਇਲਾਕੇ ਦੀਆਂ ਕਮਜ਼ੋਰ ਅਤੇ ਖਤਰਨਾਕ ਇਮਾਰਤਾਂ ਖ਼ਿਲਾਫ਼ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ।
