ਕਾਂਗਰਸੀ ਕੌਂਸਲਰ ਗੁਰਮੀਤ ਸਿੰਘ ‘ਆਪ’ ‘ਚ ਸ਼ਾਮਲ, 14 ਦਿਨ ਪਹਿਲਾਂ ਹੋਇਆ ਸੀ ਧੋਖਾਧੜੀ ਦਾ ਕੇਸ ਦਰਜ

ਨਿਊਜ਼ ਪੰਜਾਬ

23 ਜੁਲਾਈ,2026

ਲੁਧਿਆਣਾ ਦੀ ਸਿਆਸਤ ਵਿੱਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਮੁੰਡੀਆਂ ਕਲਾਂ ਦੇ ਮੌਜੂਦਾ ਕਾਂਗਰਸੀ ਕੌਂਸਲਰ ਗੁਰਮੀਤ ਸਿੰਘ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦਾ ਦਾਮਨ ਥਾਮ ਲਿਆ। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਖੇਡ ਮੈਦਾਨ ਦੇ ਉਦਘਾਟਨ ਸਮਾਗਮ ਦੌਰਾਨ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਅਤੇ ਹਾਰ ਪਾ ਕੇ ਸਵਾਗਤ ਕੀਤਾ। ਗੁਰਮੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਵਾਰਡ ਦੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਦੇ ਮਕਸਦ ਨਾਲ ‘ਆਪ’ ਵਿੱਚ ਆਏ ਹਨ। ਦੂਜੇ ਪਾਸੇ, ਉਨ੍ਹਾਂ ਵਿਰੁੱਧ ਕਰੀਬ 14 ਦਿਨ ਪਹਿਲਾਂ ਪਲਾਟ ਵੇਚਣ ਦੇ ਨਾਂ ‘ਤੇ ਕਥਿਤ ਧੋਖਾਧੜੀ ਦਾ ਮਾਮਲਾ ਦਰਜ ਹੋ ਚੁੱਕਾ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ IPC ਦੀ ਧਾਰਾ 420 ਅਤੇ ਰਜਿਸਟ੍ਰੇਸ਼ਨ ਐਕਟ ਤਹਿਤ ਐਫਆਈਆਰ ਦਰਜ ਕੀਤੀ ਹੈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਲੱਖਾਂ ਰੁਪਏ ਲੈਣ ਦੇ ਬਾਵਜੂਦ ਪਲਾਟ ਦੀ ਰਜਿਸਟ੍ਰੇਸ਼ਨ ਨਹੀਂ ਕਰਵਾਈ ਗਈ ਅਤੇ ਬਾਅਦ ਵਿੱਚ ਪਤਾ ਲੱਗਾ ਕਿ ਦੋਸ਼ੀ ਉਸ ਜ਼ਮੀਨ ਦਾ ਅਸਲ ਮਾਲਕ ਹੀ ਨਹੀਂ ਸੀ। ਇਸ ਮਾਮਲੇ ਕਾਰਨ ਗੁਰਮੀਤ ਸਿੰਘ ਇੱਕ ਵਾਰ ਫਿਰ ਚਰਚਾ ਵਿੱਚ ਆ ਗਏ ਹਨ।