ਨਿਊਜ਼ ਪੰਜਾਬ
9 ਜੁਲਾਈ,2026
ਦਿਲ ਸਿਰਫ਼ ਖੂਨ ਨੂੰ ਪੰਪ ਕਰਨ ਵਾਲਾ ਅੰਗ ਨਹੀਂ, ਸਗੋਂ ਪੂਰੇ ਸਰੀਰ ਨੂੰ ਊਰਜਾ ਅਤੇ ਆਕਸੀਜਨ ਪਹੁੰਚਾਉਣ ਦਾ ਮੁੱਖ ਕੇਂਦਰ ਹੈ। ਜੇਕਰ ਦਿਲ ਸਿਹਤਮੰਦ ਰਹੇ ਤਾਂ ਸਰੀਰ ਦੇ ਬਾਕੀ ਅੰਗ ਵੀ ਵਧੀਆ ਢੰਗ ਨਾਲ ਕੰਮ ਕਰਦੇ ਹਨ। ਡਾਕਟਰਾਂ ਮੁਤਾਬਕ ਦਿਲ ਦੀਆਂ ਬਿਮਾਰੀਆਂ ਤੋਂ ਬਚਣ ਲਈ ਰੋਜ਼ਾਨਾ ਘੱਟੋ-ਘੱਟ 30 ਮਿੰਟ ਸੈਰ ਕਰਨਾ ਜਾਂ ਹਲਕੀ ਕਸਰਤ ਕਰਨੀ ਚਾਹੀਦੀ ਹੈ ਅਤੇ ਲੰਬੇ ਸਮੇਂ ਤੱਕ ਇੱਕੋ ਥਾਂ ਬੈਠਣ ਤੋਂ ਬਚਣਾ ਬਹੁਤ ਜ਼ਰੂਰੀ ਹੈ।
ਖੁਰਾਕ ਵਿੱਚ ਤਾਜ਼ੇ ਫਲ, ਹਰੀਆਂ ਸਬਜ਼ੀਆਂ, ਦਾਲਾਂ, ਸਾਬਤ ਅਨਾਜ, ਬਦਾਮ, ਅਖਰੋਟ ਅਤੇ ਬੀਜ ਸ਼ਾਮਲ ਕਰਨ ਨਾਲ ਦਿਲ ਨੂੰ ਲੋੜੀਂਦੇ ਪੌਸ਼ਟਿਕ ਤੱਤ ਮਿਲਦੇ ਹਨ। ਇਸ ਦੇ ਨਾਲ ਘਿਉ, ਮੱਖਣ, ਤਲੇ ਹੋਏ ਭੋਜਨ, ਜ਼ਿਆਦਾ ਮਿੱਠਾ ਅਤੇ ਵੱਧ ਨਮਕ ਵਾਲੀਆਂ ਚੀਜ਼ਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ।
ਇਸ ਤੋਂ ਇਲਾਵਾ ਪੂਰੀ ਨੀਂਦ ਲੈਣਾ, ਸਰੀਰ ਦਾ ਵਜ਼ਨ ਸੰਤੁਲਿਤ ਰੱਖਣਾ, ਧੂਮਰਪਾਨ ਅਤੇ ਤੰਬਾਕੂ ਤੋਂ ਦੂਰ ਰਹਿਣਾ ਅਤੇ ਸ਼ਰਾਬ ਦੀ ਵਰਤੋਂ ਤੋਂ ਪਰਹੇਜ਼ ਕਰਨਾ ਦਿਲ ਦੀ ਸਿਹਤ ਲਈ ਬਹੁਤ ਮਹੱਤਵਪੂਰਨ ਹੈ। ਤਣਾਅ ਵੀ ਦਿਲ ‘ਤੇ ਨਕਾਰਾਤਮਕ ਅਸਰ ਪਾਂਦਾ ਹੈ, ਇਸ ਲਈ ਯੋਗਾ, ਧਿਆਨ, ਪ੍ਰਾਣਾਯਾਮ ਜਾਂ ਮਨਪਸੰਦ ਗਤੀਵਿਧੀਆਂ ਲਈ ਸਮਾਂ ਕੱਢਣਾ ਲਾਭਦਾਇਕ ਹੈ। ਜੇਕਰ ਪਰਿਵਾਰ ਵਿੱਚ ਦਿਲ ਦੀ ਬਿਮਾਰੀ, ਸ਼ੂਗਰ ਜਾਂ ਹਾਈ ਬਲੱਡ ਪ੍ਰੈਸ਼ਰ ਦਾ ਇਤਿਹਾਸ ਹੈ, ਤਾਂ ਨਿਯਮਿਤ ਸਿਹਤ ਜਾਂਚ ਕਰਵਾਉਣਾ ਹੋਰ ਵੀ ਜ਼ਰੂਰੀ ਬਣ ਜਾਂਦਾ ਹੈ। ਸਹੀ ਖੁਰਾਕ, ਨਿਯਮਿਤ ਕਸਰਤ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾ ਕੇ ਦਿਲ ਦੀ ਪੰਪਿੰਗ ਸਮਰੱਥਾ ਨੂੰ ਲੰਬੇ ਸਮੇਂ ਤੱਕ ਮਜ਼ਬੂਤ ਰੱਖਿਆ ਜਾ ਸਕਦਾ ਹੈ ਅਤੇ ਦਿਲ ਦੇ ਦੌਰੇ ਵਰਗੀਆਂ ਗੰਭੀਰ ਸਮੱਸਿਆਵਾਂ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।
