6 ਦਿਨਾਂ ਦੇ ਵਿਦੇਸ਼ ਦੌਰੇ ‘ਤੇ PM ਮੋਦੀ, ਆਸਟ੍ਰੇਲੀਆ ਨਾਲ ਵੀਜ਼ਾ ਮੁੱਦੇ ‘ਤੇ ਹੋਵੇਗੀ ਅਹਿਮ ਚਰਚਾ

ਨਿਊਜ਼ ਪੰਜਾਬ

4 ਜੁਲਾਈ,2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਤੋਂ 11 ਜੁਲਾਈ ਤੱਕ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਛੇ ਦਿਨਾਂ ਦੌਰੇ ‘ਤੇ ਰਹਿਣਗੇ, ਜਿਸ ਦੌਰਾਨ ਹਿੰਦ-ਪੈਸੀਫਿਕ ਖੇਤਰ ਵਿੱਚ ਭਾਰਤ ਦੇ ਰਣਨੀਤਕ ਅਤੇ ਕੂਟਨੀਤਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ ਜਾਵੇਗਾ। ਇਸ ਦੌਰੇ ਦਾ ਇੱਕ ਅਹਿਮ ਮੁੱਦਾ ਆਸਟ੍ਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਮਨਜ਼ੂਰੀ ਵਿੱਚ ਹੋ ਰਹੀ ਦੇਰੀ ਵੀ ਹੋਵੇਗੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਇਹ ਮਸਲਾ ਪ੍ਰਧਾਨ ਮੰਤਰੀ ਮੋਦੀ ਅਤੇ ਆਸਟ੍ਰੇਲੀਆਈ ਲੀਡਰਸ਼ਿਪ ਵਿਚਾਲੇ ਹੋਣ ਵਾਲੀ ਗੱਲਬਾਤ ਦਾ ਹਿੱਸਾ ਬਣੇਗਾ। ਵਿਦੇਸ਼ ਮੰਤਰਾਲੇ ਅਨੁਸਾਰ ਭਾਰਤ ਸਰਕਾਰ ਲਗਾਤਾਰ ਆਸਟ੍ਰੇਲੀਆ ਨਾਲ ਸੰਪਰਕ ਵਿੱਚ ਹੈ ਤਾਂ ਜੋ ਵੀਜ਼ਾ ਪ੍ਰਕਿਰਿਆ ਵਿੱਚ ਆ ਰਹੀਆਂ ਰੁਕਾਵਟਾਂ ਦੂਰ ਕੀਤੀਆਂ ਜਾ ਸਕਣ ਅਤੇ ਅਸਲ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਨੂੰ ਪੜ੍ਹਾਈ ਅਤੇ ਰੁਜ਼ਗਾਰ ਦੇ ਮੌਕਿਆਂ ਤੋਂ ਵਾਂਝਾ ਨਾ ਰਹਿਣਾ ਪਵੇ। ਇਹ ਦੌਰਾ ਦੋਵਾਂ ਦੇਸ਼ਾਂ ਵਿਚਾਲੇ ਸਿੱਖਿਆ, ਵਪਾਰ ਅਤੇ ਰਣਨੀਤਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।