ਸ਼ਹਿਰਾਂ ਦੇ ਝੁੱਗੀ ਝੌਂਪੜੀ ਵਾਲੇ ਇਲਾਕਿਆਂ ਵਿੱਚ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ‘ਸਿਟੀ ਪ੍ਰੀਪੇਅਰਡਨੈੱਸ ਯੋਜਨਾ’ ਉਲੀਕੀ
ਹੁਣ ਤੱਕ 2,15,000 ਤੋਂ ਵੱਧ ਨਮੂਨੇ ਲਏ ਗਏ
ਚੰਡੀਗੜ, 18 ਜੂਨ: (ਨਿਊਜ਼ ਪੰਜਾਬ )5 ਜ਼ਿਲਿਆਂ ਦੇ ਸ਼ਹਿਰਾਂ ਦੇ ਝੁੱਗੀ ਝੌਂਪੜੀ ਵਾਲੇ ਇਲਾਕਿਆਂ ਜਿੱਥੇ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਵਿਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਨੂੰ ਬਲ ਦੇਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਇੱਕ ‘ਸਿਟੀ ਪ੍ਰੀਪੇਅਰਡਨੈੱਸ ਯੋਜਨਾ’ ਉਲੀਕੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਅੰਮਿ੍ਰਤਸਰ, ਲੁਧਿਆਣਾ, ਜਲੰਧਰ, ਐਸ.ਏ.ਐਸ.ਨਗਰ ਅਤੇ ਪਟਿਆਲਾ ਜ਼ਿਲਿਆਂ ਵਿੱਚ ਕੋਵਿਡ-19 ਦੇ 54 ਫੀਸਦੀ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਇਸ ਲਈ ਵਿਸ਼ੇਸ਼ ਖੇਤਰ ਵਿੱਚ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਤੁਰੰਤ ਕਾਰਵਾਈ ਕਰਨ ਵਾਸਤੇ ਜ਼ਿਲਾ ਆਫ਼ਤ ਪ੍ਰਬੰਧਨ ਕਮੇਟੀ ਦੀ ਇਕ ਸਬ-ਕਮੇਟੀ ਵਿੱਚ ਹੁਣ ਮੈਡੀਕਲ ਕਾਲਜ ਦੀ ਕਮਿਊਨਿਟੀ ਮੈਡੀਸਨ ਫੈਕਲਟੀ, ਡਬਲਯੂਐਚਓ, ਐਨਪੀਐਸਪੀ ਸਟਾਫ ਅਤੇ ਇਕ ਪ੍ਰਮੁੱਖ ਐਨਜੀਓ ਨੂੰ ਸ਼ਾਮਲ ਕੀਤਾ ਗਿਆ ਹੈ।ਉਨਾਂ ਕਿਹਾ ਕਿ ਇਹ ਸਮਰਪਿਤ ਕਮੇਟੀ ਸਿਹਤ ਵਿਭਾਗ ਨਾਲ ਸਲਾਹ ਮਸ਼ਵਰੇ ਜ਼ਰੀਏ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਯੋਜਨਾਵਾਂ ਉਲੀਕਣ, ਲਾਗੂ ਕਰਨ, ਨਿਗਰਾਨੀ ਕਰਨ ਅਤੇ ਰਿਪੋਰਟਿੰਗ ਲਈ ਸ਼ਹਿਰੀ ਪ੍ਰਸ਼ਾਸਨ ਦੀ ਸਹਾਇਤਾ ਕਰੇਗੀ।
ਸਿਹਤ ਮੰਤਰੀ ਨੇ ਕਿਹਾ,“ਇਨਾਂ ਕਮੇਟੀਆਂ ਤੋਂ ਮਹੱਤਵਪੂਰਣ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਡਾਇਰੈਕਟਰ, ਸਿਹਤ ਸੇਵਾਵਾਂ, ਕਾਰਜਕਾਰੀ ਡਾਇਰੈਕਟਰ, ਐਸਐਚਐਸਆਰਸੀ ਅਤੇ ਸਟੇਟ ਐਪੀਡੀਮੋਲੋਜਿਸਟ ਦੀ ਇਕ ਰਾਜ ਪੱਧਰੀ ਕਮੇਟੀ ਨਮੂਨੇ ਇਕੱਤਰ ਕਰਨ, ਟੈਸਟਿੰਗ ਅਤੇ ਰਿਪੋਰਟਿੰਗ ਸਬੰਧੀ ਅੱਗੇ ਫੈਸਲਾ ਲਏਗੀ ਤਾਂ ਜੋ ਨਮੂਨੇ ਲੈਣ ਤੋਂ ਲੈ ਕੇ ਮਰੀਜ਼ ਦੀ ਰਿਪੋਰਟ ਆਉਣ ਤੱਕ ਦੇ ਸਮੇਂ ਨੂੰ ਘਟਾਇਆ (24 ਘੰਟੇ ਤੋਂ ਘੱਟ) ਜਾ ਸਕੇ।
ਮੰਤਰੀ ਨੇ ਅੱਗੇ ਕਿਹਾ ਕਿ ਸ਼ਹਿਰਾਂ ਦੇ ਝੁੱਗੀ ਝੌਂਪੜੀ ਵਾਲੇ ਇਲਾਕਿਆਂ ਵਿੱਚ ‘ਸਿਟੀ ਪ੍ਰੀਪੇਅਰਡਨੈੱਸ ਯੋਜਨਾ’ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਤੌਰ ’ਤੇ ਕੰਟੇਨਮੈਂਟ ਅਤੇ ਮਾਈਕਰੋ ਕੰਟੇਨਮੈਂਟ ਖੇਤਰਾਂ ਵਿੱਚ ਘਰ ਘਰ ਨਿਗਰਾਨੀ ਮੁਹਿੰਮ ਅਤੇ ਟੈਸਟਿੰਗ ਪ੍ਰਕਿਰਿਆ ਦਾ ਰੋਜ਼ਾਨਾ ਆਧਾਰ ’ਤੇ ਜਾਇਜ਼ਾ ਲਿਆ ਜਾਵੇਗਾ। ਫਰੰਟਲਾਈਨ ਵਰਕਰਾਂ ਦੀਆਂ ਟੀਮਾਂ ਅਤੇ ਵਲੰਟੀਅਰ ਕੋਵਿਡ ਦੇ ਘੱਟ ਲੱਛਣ ਵਾਲੇ ਵਿਅਕਤੀ ਜਿਵੇਂ ਕਿ ਸਿਰ ਦਰਦ, ਸਰੀਰ ਦਾ ਟੁੱਟਣਾ, ਗਲੇ ਵਿੱਚ ਦਰਦ, ਬੁਖ਼ਾਰ ਆਦਿ ਨੂੰ ਫਲੂ ਕਾਰਨਰਾਂ ਵਿਖੇ ਡਾਕਟਰਾਂ ਤੋਂ ਸਲਾਹ ਲੈ ਕੇ ਇਲਾਜ ਕਰਾਉਣ ਲਈ ਪ੍ਰੇਰਿਤ ਕਰਨਗੇ।
ਸ. ਸਿੱਧੂ ਨੇ ਕਿਹਾ ਕਿ ਹੁਣ ਤੱਕ ਕੋਰੋਨਾ ਵਾਇਰਸ ਦੇ ਟੈਸਟ ਲਈ 2,15,000 ਤੋਂ ਵੱਧ ਨਮੂਨੇ ਲਏ ਜਾ ਚੁੱਕੇ ਹਨ ਅਤੇ ਨਮੂਨੇ ਲੈਣ ਦੀ ਸਮਰੱਥਾ ਨੂੰ ਹੋਰ ਵਧਾਉਣ ਲਈ ਕਮਿਉਨਟੀ ਹੈਲਥ ਅਫਸਰ, ਰੂਰਲ ਮੈਡੀਕਲ ਅਫਸਰ ਅਤੇ ਸੈਂਪਲ ਲੈਣ ਲਈ ਯੋਗ ਸਮਝੇ ਜਾਣ ਵਾਲੇ ਤਕਨੀਕੀ ਸਟਾਫ਼ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ।
ਸ਼ਹਿਰਾਂ ਦੇ ਝੁੱਗੀ ਝੌਂਪੜੀ ਵਾਲੇ ਇਲਾਕਿਆਂ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਸੰਸਥਾਵਾਂ ਸਮੇਤ ਹੈਲਥ ਵੈਲਨੈੱਸ ਸੈਂਟਰਜ਼ ਵਿਖੇ ਵਾਧੂ ਫਲੂ ਕਾਰਨਰ ਸਥਾਪਤ ਕੀਤੇ ਗਏ ਹਨ ਜਿੱਥੇ ਲੱਛਣ ਪਾਏ ਜਾਣ ਵਾਲੇ ਵਿਅਕਤੀਆਂ ਦੀ ਜਾਣਕਾਰੀ ਹੈਡਕੁਆਟਰ ਵਿਖੇ ਅਗਲੇਰੀ ਕਾਰਵਾਈ ਅਤੇ ਤਿਆਰੀਆਂ ਲਈ ਭੇਜੀ ਜਾਂਦੀ ਹੈ।