ਨਿਊਜ਼ ਪੰਜਾਬ
24 ਮਈ 2026
ਅਸਮ ਵਿੱਚ ਵਿਜੀਲੈਂਸ ਵਿਭਾਗ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ACS ਅਧਿਕਾਰੀ ਦੇ ਘਰ ਛਾਪੇਮਾਰੀ ਕੀਤੀ। ਇਹ ਕਾਰਵਾਈ ਰਿਸ਼ਵਤ ਲੈਣ ਦੇ ਦੋਸ਼ਾਂ ਦੇ ਤਹਿਤ ਕੀਤੀ ਗਈ, ਜਿਸ ਦੌਰਾਨ ਅਧਿਕਾਰੀਆਂ ਨੂੰ ਘਰੋਂ 48 ਲੱਖ ਰੁਪਏ ਦੀ ਨਕਦੀ, 80 ਲੱਖ ਰੁਪਏ ਦੇ ਫਿਕਸਡ ਡਿਪਾਜ਼ਿਟ ਅਤੇ ਕਈ ਜਾਇਦਾਦਾਂ ਨਾਲ ਜੁੜੇ ਦਸਤਾਵੇਜ਼ ਮਿਲੇ। ਨੋਟਾਂ ਦੇ ਬੰਡਲ ਦੇਖ ਕੇ ਜਾਂਚ ਅਧਿਕਾਰੀ ਵੀ ਹੈਰਾਨ ਰਹਿ ਗਏ।
ਜਾਣਕਾਰੀ ਮੁਤਾਬਕ ਗੁਹਾਟੀ ਦੇ ਰੂਪਨਗਰ ਵਿਖੇ ਭੂਮੀ ਰਿਕਾਰਡ ਵਿਭਾਗ ਦੇ ਵਧੀਕ ਡਾਇਰੈਕਟਰ ਦਾਸ ਨੂੰ 21 ਮਈ ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਨ੍ਹਾਂ ‘ਤੇ ਜ਼ਮੀਨ ਵੇਚਣ ਲਈ NOC ਜਾਰੀ ਕਰਨ ਦੇ ਬਦਲੇ 1 ਲੱਖ ਰੁਪਏ ਦੀ ਮੰਗ ਕਰਨ ਅਤੇ 45 ਹਜ਼ਾਰ ਰੁਪਏ ਰਿਸ਼ਵਤ ਵਜੋਂ ਲੈਣ ਦੇ ਦੋਸ਼ ਲੱਗੇ। ਸ਼ਿਕਾਇਤਕਰਤਾ ਨੇ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਦਾਸ ਨੂੰ ਦਫ਼ਤਰ ਵਿੱਚ ਰੰਗੇ ਹੱਥੀਂ ਕਾਬੂ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ ਕੀਤੀ ਗਈ ਨਕਦੀ ਨੂੰ ਗਵਾਹਾਂ ਦੀ ਮੌਜੂਦਗੀ ਵਿੱਚ ਜ਼ਬਤ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।
