ਰਾਜਧਾਨੀ ਐਕਸਪ੍ਰੈਸ ਦੇ ਦੋ ਡੱਬਿਆਂ ਨੂੰ ਲੱਗੀ ਭਿਆਨਕ ਅੱਗ, ਸਾਰੇ ਯਾਤਰੀ ਸੁਰੱਖਿਅਤ

ਨਿਊਜ਼ ਪੰਜਾਬ

17 ਮਈ 2026

ਤ੍ਰਿਵੇਂਦਰਮ-ਹਜ਼ਰਤ ਨਿਜ਼ਾਮੂਦੀਨ ਰਾਜਧਾਨੀ ਐਕਸਪ੍ਰੈਸ (12431) ਵਿੱਚ ਐਤਵਾਰ ਸਵੇਰੇ ਵੱਡਾ ਹਾਦਸਾ ਵਾਪਰ ਗਿਆ, ਜਦੋਂ ਕੋਟਾ ਡਿਵੀਜ਼ਨ ਅਧੀਨ ਲੂਣੀ ਰਿਚਾ ਅਤੇ ਵਿਕਰਮਗੜ੍ਹ ਅਲੋਟ ਸਟੇਸ਼ਨਾਂ ਦਰਮਿਆਨ ਟ੍ਰੇਨ ਦੇ ਦੋ ਡੱਬਿਆਂ ਵਿੱਚ ਅੱਗ ਲੱਗ ਗਈ। ਅੱਗ ਸਵੇਰੇ ਕਰੀਬ 5:15 ਵਜੇ ਕੋਚ ਨੰਬਰ ਬੀ-1 ਅਤੇ ਇਸਦੇ ਨਾਲ ਲੱਗੀ ਸਾਮਾਨ-ਕਮ-ਗਾਰਡ ਵੈਨ ਵਿੱਚ ਭੜਕ ਉੱਠੀ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਗਾਰਡ ਨੇ ਤੁਰੰਤ ਲੋਕੋ ਪਾਇਲਟ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਟ੍ਰੇਨ ਨੂੰ ਫੌਰੀ ਰੂਪ ਵਿੱਚ ਰੋਕਿਆ ਗਿਆ। ਰੇਲਵੇ ਦੀਆਂ ਰਾਹਤ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢ ਲਿਆ ਗਿਆ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਸੌਰਭ ਜੈਨ ਮੁਤਾਬਕ ਪ੍ਰਭਾਵਿਤ ਕੋਚ ਵਿੱਚ 68 ਯਾਤਰੀ ਸਵਾਰ ਸਨ ਅਤੇ ਕਰੀਬ 15 ਮਿੰਟਾਂ ਵਿੱਚ ਪੂਰਾ ਡੱਬਾ ਖਾਲੀ ਕਰਵਾ ਦਿੱਤਾ ਗਿਆ।

ਅੱਗ ਕੁਝ ਹੀ ਮਿੰਟਾਂ ਵਿੱਚ ਪੂਰੇ ਕੋਚ ਅਤੇ ਨਾਲ ਲੱਗੇ ਸਾਮਾਨ ਵਾਲੇ ਡੱਬੇ ਵਿੱਚ ਫੈਲ ਗਈ, ਜਿਸ ਕਾਰਨ ਕਈ ਯਾਤਰੀਆਂ ਦਾ ਸਾਮਾਨ ਸੜ ਕੇ ਖਾਕ ਹੋ ਗਿਆ। ਹਾਲਾਂਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਰੇਲਵੇ ਅਧਿਕਾਰੀਆਂ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਟ੍ਰੇਨ ਐਤਵਾਰ ਸਵੇਰੇ ਕਰੀਬ 3:45 ਵਜੇ ਰਤਲਾਮ ਜੰਕਸ਼ਨ ਤੋਂ ਰਵਾਨਾ ਹੋਈ ਸੀ ਅਤੇ ਕੋਟਾ ਜੰਕਸ਼ਨ ਇਸਦਾ ਅਗਲਾ ਸਟਾਪ ਸੀ। ਰਾਜਸਥਾਨ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਵਿਕਰਮਗੜ੍ਹ ਅਲੋਟ ਸਟੇਸ਼ਨ ਨੇੜੇ ਏਸੀ ਕੋਚ ਵਿੱਚ ਅੱਗ ਲੱਗ ਗਈ, ਜੋ ਬਾਅਦ ਵਿੱਚ ਹੋਰ ਡੱਬਿਆਂ ਤੱਕ ਫੈਲ ਗਈ।

ਹਾਦਸੇ ਤੋਂ ਬਾਅਦ ਦਿੱਲੀ-ਮੁੰਬਈ ਰੇਲਵੇ ਟਰੈਕ ‘ਤੇ ਆਵਾਜਾਈ ਅਸਥਾਈ ਤੌਰ ‘ਤੇ ਰੋਕ ਦਿੱਤੀ ਗਈ। ਟ੍ਰੇਨ ਦੀ ਬਿਜਲੀ ਸਪਲਾਈ ਕੱਟ ਕੇ ਪ੍ਰਭਾਵਿਤ ਕੋਚ ਨੂੰ ਅਲੱਗ ਕੀਤਾ ਗਿਆ। ਕਰੀਬ ਦੋ ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਇਸ ਤੋਂ ਬਾਅਦ ਯਾਤਰੀਆਂ ਨੂੰ ਹੋਰ ਕੋਚਾਂ ਵਿੱਚ ਸ਼ਿਫਟ ਕਰਕੇ ਟ੍ਰੇਨ ਨੂੰ ਲਗਭਗ ਸਾਢੇ ਚਾਰ ਘੰਟਿਆਂ ਬਾਅਦ ਕੋਟਾ ਵੱਲ ਰਵਾਨਾ ਕੀਤਾ ਗਿਆ।