PSEB 12ਵੀਂ ਦੇ ਨਤੀਜੇ ਅੱਜ 12:30 ਵਜੇ ਹੋਣਗੇ ਜਾਰੀ

ਨਿਊਜ਼ ਪੰਜਾਬ

13 ਮਈ 2026

ਪੰਜਾਬ ਸਕੂਲ ਸਿੱਖਿਆ ਬੋਰਡ Punjab School Education Board ਵੱਲੋਂ ਸੀਨੀਅਰ ਸੈਕੰਡਰੀ (12ਵੀਂ ਜਮਾਤ) ਦੇ ਵਿਦਿਆਰਥੀਆਂ ਦੀ ਉਡੀਕ ਅੱਜ ਖਤਮ ਹੋਣ ਜਾ ਰਹੀ ਹੈ। ਬੋਰਡ ਵੱਲੋਂ ਮਾਰਚ 2026 ਵਿੱਚ ਲਈਆਂ ਗਈਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਨਤੀਜੇ 13 ਮਈ 2026 ਨੂੰ ਦੁਪਹਿਰ 12:30 ਵਜੇ ਐਲਾਨੇ ਜਾਣਗੇ।

ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਮੋਹਾਲੀ ਸਥਿਤ ਬੋਰਡ ਦੇ ਮੁੱਖ ਦਫ਼ਤਰ ਵਿੱਚ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਦੌਰਾਨ ਨਤੀਜਿਆਂ ਦਾ ਅਧਿਕਾਰਤ ਐਲਾਨ ਕਰਨਗੇ। ਇਸ ਮੌਕੇ ਰਾਜ ਪੱਧਰੀ ਮੈਰਿਟ ਸੂਚੀ, ਪਾਸ ਪ੍ਰਤੀਸ਼ਤਤਾ ਅਤੇ ਟਾਪਰਾਂ ਦੇ ਵੇਰਵੇ ਵੀ ਸਾਂਝੇ ਕੀਤੇ ਜਾਣਗੇ।

ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ PSEB Official Website ‘ਤੇ ਰੋਲ ਨੰਬਰ ਦਰਜ ਕਰਕੇ ਆਪਣੇ ਨਤੀਜੇ ਦੇਖ ਸਕਣਗੇ। ਬੋਰਡ ਵੱਲੋਂ ਵਿਦਿਆਰਥੀਆਂ ਦੀ ਸਹਾਇਤਾ ਲਈ ਹੈਲਪਲਾਈਨ ਨੰਬਰ 9549-161-161 ਵੀ ਜਾਰੀ ਕੀਤਾ ਗਿਆ ਹੈ।

ਇਸ ਸਾਲ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 17 ਫਰਵਰੀ ਤੋਂ 4 ਅਪ੍ਰੈਲ ਤੱਕ ਹੋਈਆਂ ਸਨ, ਜਿਨ੍ਹਾਂ ਵਿੱਚ ਲਗਭਗ 2.65 ਲੱਖ ਵਿਦਿਆਰਥੀਆਂ ਨੇ ਭਾਗ ਲਿਆ। ਪਿਛਲੇ ਸਾਲ 14 ਮਈ ਨੂੰ ਜਾਰੀ ਹੋਏ ਨਤੀਜਿਆਂ ਵਿੱਚ ਕਰੀਬ 2.64 ਲੱਖ ਵਿਦਿਆਰਥੀ ਪਾਸ ਹੋਏ ਸਨ।

ਬੋਰਡ ਅਧਿਕਾਰੀਆਂ ਮੁਤਾਬਕ ਇਸ ਵਾਰ ਇੱਕ ਸਾਂਝੀ ਮੈਰਿਟ ਸੂਚੀ ਜਾਰੀ ਕੀਤੀ ਜਾਵੇਗੀ ਅਤੇ ਕੋਈ ਸਟ੍ਰੀਮ-ਵਾਰ ਮੈਰਿਟ ਨਹੀਂ ਹੋਵੇਗੀ। ਜੇਕਰ ਟਾਪਰਾਂ ਦੇ ਅੰਕ ਬਰਾਬਰ ਹੋਏ ਤਾਂ ਘੱਟ ਉਮਰ ਵਾਲੇ ਵਿਦਿਆਰਥੀ ਨੂੰ ਪਹਿਲਾ ਸਥਾਨ ਦਿੱਤਾ ਜਾਵੇਗਾ, ਹਾਲਾਂਕਿ ਰੈਂਕ ਇੱਕੋ ਹੀ ਰਹੇਗਾ।