ਜਗਤਾਰ ਸਿੰਘ ਹਵਾਰਾ ਨੇ ਮਾਂ ਦੀ ਸੇਵਾ ਲਈ ਮੰਗੀ ਪੈਰੋਲ, ਹਾਈਕੋਰਟ ਨੇ ਸੁਣਵਾਈ ਕੀਤੀ ਮੁਲਤਵੀ

ਨਿਊਜ਼ ਪੰਜਾਬ

12 ਮਈ 2026

28 ਸਾਲਾਂ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਨੇ ਆਪਣੀ ਬਿਮਾਰ ਮਾਤਾ ਦੀ ਦੇਖਭਾਲ ਲਈ ਪੰਜਾਬ-ਹਰਿਆਣਾ ਹਾਈਕੋਰਟ ਤੋਂ ਚਾਰ ਹਫ਼ਤਿਆਂ ਦੀ ਪੈਰੋਲ ਦੀ ਮੰਗ ਕੀਤੀ ਹੈ। ਇਸ ਮਾਮਲੇ ਵਿੱਚ ਅੱਜ ਚੰਡੀਗੜ੍ਹ ਪ੍ਰਸ਼ਾਸਨ ਨੇ ਹਾਈਕੋਰਟ ਵਿੱਚ ਜਵਾਬ ਦਾਖਲ ਕਰਦਿਆਂ ਕਿਹਾ ਕਿ ਹਵਾਰਾ ਇਸ ਵੇਲੇ ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਬੰਦ ਹੈ, ਇਸ ਲਈ ਪੈਰੋਲ ਦੀ ਅਰਜ਼ੀ ਉਥੇ ਹੀ ਦਿੱਤੀ ਜਾਵੇ। ਹਾਈਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਜਵਾਬ ‘ਤੇ ਹਵਾਰਾ ਦੇ ਵਕੀਲ ਨੂੰ ਅਗਲੀ ਸੁਣਵਾਈ ਦੌਰਾਨ ਆਪਣਾ ਪੱਖ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਹਵਾਰਾ ਨੇ ਦਲੀਲ ਦਿੱਤੀ ਕਿ ਉਸਦੀ 81 ਸਾਲਾ ਮਾਤਾ ਪਾਰਕਿੰਸਨ ਅਤੇ ਹਾਈਪਰਟੈਨਸ਼ਨ ਨਾਲ ਪੀੜਤ ਹੈ ਅਤੇ ਉਸਨੇ 28 ਸਾਲ 9 ਮਹੀਨਿਆਂ ਦੀ ਕੈਦ ਦੌਰਾਨ ਪਹਿਲਾਂ ਕਦੇ ਵੀ ਪੈਰੋਲ ਨਹੀਂ ਲਈ।