ਜ਼ਿਲ੍ਹਾ ਪ੍ਰਸ਼ਾਸਨ ਨੇ ਬਜੁ਼ਰਗ ਔਰਤ ਨੂੰ 30 ਹਜ਼ਾਰ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ
ਨਿਊਜ਼ ਪੰਜਾਬ
ਲੁਧਿਆਣਾ, 16 ਜੂਨ – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਰਾਹੀਂ ਲੁਧਿਆਣਾ ਦੇ ਨਿਊ ਸ਼ਿਮਲਾਪ਼ੁਰੀ ਇਲਾਕੇ ਦੀ ਵਸਨੀਕ ਸ੍ਰੀਮਤੀ ਨਿਰਮਲਾ ਕੌਰ(70) ਨੂੰ 30 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ। ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨੂੰ ਨਿਰਦੇਸ਼ ਦਿੱਤੇ ਸਨ ਕਿ ਸ਼ਹਿਰ ਦੇ ਨਿਊ ਸ਼ਿਮਲਾਪੁਰੀ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੀ ਬਜ਼ੁਰਗ ਔਰਤ ਦੀ ਸਹਾਇਤੀ ਕੀਤੀ ਜਾਵੇ। ਮੁੱਖ ਮੰਤਰੀ ਨੂੰ ਇਹ ਜਾਣਕਾਰੀ ਉਸ ਵੇਲੇ ਮਿਲੀ ਜਦੋਂ ਉਹ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਨਾਗਰਿਕਾਂ ਦੇ ਸਵਾਲਾਂ ਦੇ ਜੁਆਬ ਦੇ ਰਹੇ ਸਨ।
ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਲੁਧਿਆਣਾ ਦੇ ਸਕੱਤਰ ਸ੍ਰੀ ਬਲਬੀਰ ਚੰਦ ਐਰੀ ਅਤੇ ਸ੍ਰੀ ਲੋਕੇਸ਼ ਅਗਰਵਾਲ ਨੇ 30 ਹਜ਼ਾਰ ਰੁਪਏ ਦਾ ਚੈਕ ਸ੍ਰੀਮਤੀ ਨਿਰਮਲਾ ਕੌਰ ਨੂੰ ਸੌਪਿਆ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੂੰ ਲੁਧਿਆਣਾ ਸ਼ਹਿਰ ਦੇ ਨਿਊ ਸ਼ਿਮਲਾਪੁਰੀ ਇਲਾਕੇ ਦੇ ਵਸਨੀਕ ਸ੍ਰੀ ਦਰਸ਼ਨ ਸਿੰਘ ਦੀ ਪਤਨੀ ਸ੍ਰੀਮਤੀ ਨਿਰਮਲਾ ਕੌਰ(70) ਦੀਆਂ ਦਰਪੇਸ਼ ਸਮੱਸਿਆਵਾਂ ਬਾਰੇ ਪਤਾ ਲੱਗਿਆ ਸੀ। ਕੁਲਵੰਤ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਇਹ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਸੀ ਅਤੇ ਕਿਹਾ ਸੀ ਕਿ ਨਿਰਮਲਾ ਕੌਰ ਆਪਣੇ 11 ਸਾਲਾ ਪੋਤੇ ਅਤੇ ਇੱਕ ਪੋਤੀ ਦੇ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ। ਉਹ ਇੱਕ ਛੋਟਾ ਜਿਹਾ ਸਟਾਲ ‘ਖੋਖਾ’ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੀ ਹੈ, ਪਰੰਤੂ ਲੋਕਡਾਊਨ ਕਾਰਨ ਉਹ ਆਰਥਿਕ ਤੌਰ ‘ਤੇ ਪ੍ਰੇਸ਼ਾਨ ਸੀ ਅਤੇ 4 ਮਹੀਨਿਆਂ ਦਾ ਮਕਾਨ ਦਾ ਕਿਰਾਇਆ ਵੀ ਨਹੀਂ ਦੇ ਸਕੀ ਅਤੇ ਉਸ ਦੇ ਮਕਾਨ ਮਾਲਕ ਨੇ ਕਿਰਾਏ ਦਾ ਭੁਗਤਾਨ ਨਾ ਕਰਨ ਕਾਰਨ ਉਸ ਨੂੰ ਆਪਣਾ ਘਰ ਖਾਲੀ ਕਰਨ ਲਈ ਕਿਹਾ ਸੀ।