ਪ੍ਰਯਾਗਰਾਜ ਦੇ ਫਾਫਾਮਊ ਵਿੱਚ ਕੋਲਡ ਸਟੋਰ ਦੀ ਕੰਧ ਡਿੱਗੀ, 20 ਮਜ਼ਦੂਰ ਮਲਬੇ ਹੇਠ ਦਬੇ; ਅਮੋਨੀਆ ਗੈਸ ਰਿਸਾਅ ਨਾਲ ਰਾਹਤ ਕਾਰਜ ਪ੍ਰਭਾਵਿਤ

ਨਿਊਜ਼ ਪੰਜਾਬ

23 ਮਾਰਚ 2026

ਉੱਤਰ ਪ੍ਰਦੇਸ਼ ਦੇ  ਪ੍ਰਯਾਗਰਾਜ ਜ਼ਿਲ੍ਹੇ ਦੇ ਫਾਫਾਮਊ ਇਲਾਕੇ ਵਿੱਚ ਸੋਮਵਾਰ ਦੁਪਹਿਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਕੋਲਡ ਸਟੋਰ ਦੀ ਕੰਧ ਅਚਾਨਕ ਡਿੱਗ ਗਈ, ਜਿਸ ਕਾਰਨ ਉੱਥੇ ਕੰਮ ਕਰ ਰਹੇ ਕਰੀਬ 20 ਮਜ਼ਦੂਰ ਮਲਬੇ ਹੇਠ ਦਬ ਗਏ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਚੀਕ-ਚਿਹਾੜਾ ਮਚ ਗਿਆ ਅਤੇ ਸਥਾਨਕ ਲੋਕਾਂ ਨੇ ਤੁਰੰਤ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।

ਸੂਤਰਾਂ ਅਨੁਸਾਰ ਇਸ ਭਿਆਨਕ ਹਾਦਸੇ ਵਿੱਚ 8 ਤੋਂ 10 ਮਜ਼ਦੂਰਾਂ ਦੀ ਮੌਤ ਦੀ ਖ਼ਬਰ ਹੈ, ਹਾਲਾਂਕਿ ਪ੍ਰਸ਼ਾਸਨ ਵੱਲੋਂ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਫਾਇਰ ਬ੍ਰਿਗੇਡ ਦੀਆਂ ਟੀਮਾਂ ਅਤੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜਾਂ ਵਿੱਚ ਜੁੱਟੇ ਹੋਏ ਹਨ।

ਜਾਣਕਾਰੀ ਮੁਤਾਬਕ ਕੋਲਡ ਸਟੋਰ ਦੀ ਇਮਾਰਤ ਕਾਫੀ ਖਸਤਾ ਹਾਲਤ ਵਿੱਚ ਸੀ। ਕੰਧ ਡਿੱਗਣ ਤੋਂ ਤੁਰੰਤ ਬਾਅਦ ਕੋਲਡ ਸਟੋਰ ਵਿੱਚੋਂ ਅਮੋਨੀਆ ਗੈਸ ਦਾ ਰਿਸਾਅ ਸ਼ੁਰੂ ਹੋ ਗਿਆ, ਜਿਸ ਕਾਰਨ ਬਚਾਅ ਕਾਰਜਾਂ ਵਿੱਚ ਭਾਰੀ ਮੁਸ਼ਕਲ ਆ ਰਹੀ ਹੈ। ਫਿਲਹਾਲ ਮੌਕੇ ‘ਤੇ ਰੇਸਕਿਊ ਆਪ੍ਰੇਸ਼ਨ ਜਾਰੀ ਹੈ ਅਤੇ ਮਲਬੇ ਵਿੱਚ ਫਸੇ ਮਜ਼ਦੂਰਾਂ ਨੂੰ ਕੱਢ ਕੇ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਘਟਨਾ ਵਾਲੀ ਥਾਂ ‘ਤੇ ਲੋਕਾਂ ਦੀ ਭਾਰੀ ਭੀੜ ਜਮ੍ਹਾ ਹੈ ਅਤੇ ਪ੍ਰਸ਼ਾਸਨ ਵੱਧ ਤੋਂ ਵੱਧ ਜ਼ਿੰਦਗੀਆਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪ੍ਰਯਾਗਰਾਜ ਦੇ ਫਾਫਾਮੌ ਵਿੱਚ ਵਾਪਰੀ ਘਟਨਾ ਦਾ ਨੋਟਿਸ ਲਿਆ ਅਤੇ ਮ੍ਰਿਤਕਾਂ ਦੇ ਸੋਗ ਵਿੱਚ ਡੁੱਬੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ। ਉਨ੍ਹਾਂ ਨੇ ਜ਼ਖਮੀਆਂ ਨੂੰ 50,000 ਰੁਪਏ ਦੀ ਵਿੱਤੀ ਸਹਾਇਤਾ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਜ਼ਖਮੀਆਂ ਲਈ ਢੁਕਵੇਂ ਡਾਕਟਰੀ ਇਲਾਜ ਦਾ ਪ੍ਰਬੰਧ ਕਰਨ ਦੇ ਵੀ ਨਿਰਦੇਸ਼ ਦਿੱਤੇ।