ਵਿਸ਼ਵ ਕੈਂਸਰ ਦਿਵਸ 2026: ‘ਯੂਨਾਈਟਿਡ ਬਾਈ ਯੂਨੀਕ’ ਥੀਮ ਨਾਲ ਕੈਂਸਰ ਵਿਰੁੱਧ ਜਾਗਰੂਕਤਾ ਦਾ ਸੰਦੇਸ਼

ਨਿਊਜ਼ ਪੰਜਾਬ

4 ਫ਼ਰਵਰੀ 2026

ਵਿਸ਼ਵ ਕੈਂਸਰ ਦਿਵਸ 2026 ਅੱਜ 4 ਫਰਵਰੀ ਨੂੰ ਦੁਨੀਆ ਭਰ ਵਿੱਚ ਮਨਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਉਦੇਸ਼ ਕੈਂਸਰ ਵਰਗੀ ਘਾਤਕ ਬਿਮਾਰੀ ਬਾਰੇ ਜਾਗਰੂਕਤਾ ਵਧਾਉਣਾ, ਲੋਕਾਂ ਨੂੰ ਇਸਦੇ ਲੱਛਣਾਂ, ਕਾਰਨਾਂ, ਰੋਕਥਾਮ ਅਤੇ ਸਮੇਂ ਸਿਰ ਇਲਾਜ ਬਾਰੇ ਸਹੀ ਜਾਣਕਾਰੀ ਪ੍ਰਦਾਨ ਕਰਨਾ ਹੈ।

ਕੈਂਸਰ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਅਸਧਾਰਣ ਸੈੱਲ ਤੇਜ਼ੀ ਨਾਲ ਵਧ ਕੇ ਸਰੀਰ ਦੇ ਹੋਰ ਹਿੱਸਿਆਂ ਤੱਕ ਫੈਲ ਸਕਦੇ ਹਨ ਅਤੇ ਟਿਊਮਰ ਬਣ ਸਕਦੇ ਹਨ, ਹਾਲਾਂਕਿ ਕੁਝ ਕੈਂਸਰ ਜਿਵੇਂ ਲਿਊਕੇਮੀਆ ਵਿੱਚ ਟਿਊਮਰ ਨਹੀਂ ਬਣਦੇ। ਵਿਸ਼ਵ ਕੈਂਸਰ ਦਿਵਸ ਮਨਾਉਣ ਦੀ ਸ਼ੁਰੂਆਤ 4 ਫਰਵਰੀ 2000 ਨੂੰ ਪੈਰਿਸ ਵਿੱਚ ਹੋਏ ‘ਵਿਸ਼ਵ ਸੰਮੇਲਨ ਅਗੇਂਸਟ ਕੈਂਸਰ’ ਤੋਂ ਹੋਈ ਸੀ ਅਤੇ ਇਹ ਦਿਨ ਯੂਨੀਅਨ ਫਾਰ ਇੰਟਰਨੈਸ਼ਨਲ ਕੈਂਸਰ ਕੰਟਰੋਲ (UICC) ਦੀ ਅਗਵਾਈ ਹੇਠ ਮਨਾਇਆ ਜਾਂਦਾ ਹੈ, ਜੋ 1933 ਵਿੱਚ ਸਥਾਪਤ ਹੋਇਆ ਦੁਨੀਆ ਦਾ ਸਭ ਤੋਂ ਪੁਰਾਣਾ ਅਤੇ ਵੱਡਾ ਅੰਤਰਰਾਸ਼ਟਰੀ ਕੈਂਸਰ ਸੰਗਠਨ ਹੈ। UICC ਦਾ ਮੰਨਣਾ ਹੈ ਕਿ ਸਾਲ ਵਿੱਚ ਇੱਕ ਦਿਨ ਅਜਿਹਾ ਹੋਣਾ ਚਾਹੀਦਾ ਹੈ ਜਦੋਂ ਦੁਨੀਆ ਭਰ ਦੇ ਲੋਕਾਂ ਨੂੰ ਕੈਂਸਰ ਦੀ ਰੋਕਥਾਮ ਅਤੇ ਇਲਾਜ ਬਾਰੇ ਇਕੱਠੇ ਜਾਗਰੂਕ ਕੀਤਾ ਜਾਵੇ। ਇਸ ਸਾਲ ਵਿਸ਼ਵ ਕੈਂਸਰ ਦਿਵਸ ਦਾ ਥੀਮ ‘ਯੂਨਾਈਟਿਡ ਬਾਈ ਯੂਨੀਕ’ ਰੱਖਿਆ ਗਿਆ ਹੈ, ਜੋ ਇਸ ਗੱਲ ’ਤੇ ਜ਼ੋਰ ਦਿੰਦਾ ਹੈ ਕਿ ਹਰ ਕੈਂਸਰ ਮਰੀਜ਼ ਦੀ ਆਪਣੀ ਵੱਖਰੀ ਕਹਾਣੀ, ਅਨੁਭਵ ਅਤੇ ਜ਼ਰੂਰਤਾਂ ਹੁੰਦੀਆਂ ਹਨ ਅਤੇ ਇਲਾਜ ਦੌਰਾਨ ਧਿਆਨ ਬਿਮਾਰੀ ਤੋਂ ਵੱਧ ਵਿਅਕਤੀ ’ਤੇ ਕੇਂਦਰਿਤ ਹੋਣਾ ਚਾਹੀਦਾ ਹੈ।