ਪੀ ਏ ਯੂ ਦੇ ਪੈਨਸ਼ਨ ਧਾਰਕਾਂ ਅਤੇ ਸਾਬਕਾ ਕਰਮਚਾਰੀਆਂ ਨੇ ਮੁੱਖ ਮੰਤਰੀ ਕੋਵਿਡ-19 ਰਾਹਤ ਫੰਡ ਲਈ ਦਿੱਤੀ ਮਾਲੀ ਸਹਾਇਤਾ

-ਵਾਈਸ ਚਾਂਸਲਰ ਨੂੰ ਸੌਂਪਿਆ 4 ਲੱਖ 51 ਹਜ਼ਾਰ ਰੁਪਏ ਦਾ ਚੈੱਕ
-ਸੰਕਟ ਦੀ ਇਸ ਘੜੀ ਵਿਚ ਪੀ ਏ ਯੂ ਮੁਲਾਜ਼ਮਾਂ ਨੇ ਦਿੱਤਾ ਮਿਸਾਲੀ ਸਹਿਯੋਗ: ਡਾ ਢਿੱਲੋਂ

ਨਿਊਜ਼ ਪੰਜਾਬ

ਲੁਧਿਆਣਾ,  9 ਜੂਨ -ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਕੋਵਿਡ 19 ਦੇ ਖਤਰੇ ਵਿੱਚੋਂ ਬਾਹਰ ਕੱਢਣ ਲਈ ‘ਮਿਸ਼ਨ ਫਤਿਹ’ ਕਈ ਕਦਮ ਉਠਾਏ ਜਾ ਰਹੇ ਹਨ। ਇਸੇ ਕੜੀ ਤਹਿਤ ਪੀ ਏ ਯੂ ਦੇ ਪੈਨਸ਼ਨ ਧਾਰਕਾਂ ਅਤੇ ਸਾਬਕਾ ਕਰਮਚਾਰੀਆਂ ਦੀ ਜਥੇਬੰਦੀ ਵਲੋਂ ਕੋਵਿਡ-19 ਲਈ ਬਣੇ ਮੁੱਖ ਮੰਤਰੀ ਰਾਹਤ ਫੰਡ ਵਿਚ ਮਾਲੀ ਸਹਾਇਤਾ ਦਿੱਤੀ ਗਈ। ਇਸ ਸੰਬੰਧੀ ਜਥੇਬੰਦੀ ਵਲੋਂ 4 ਲੱਖ 51 ਹਜ਼ਾਰ ਰੁਪਏ ਦੀ ਰਾਸ਼ੀ ਦਾ ਇਕ ਚੈੱਕ ਪੀ ਏ ਯੂ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਨੂੰ ਸੌਂਪਿਆ ਗਿਆ।
ਇਸ ਸਹਾਇਤਾ ਲਈ ਜਥੇਬੰਦੀ ਦੇ ਅਹੁਦੇਦਾਰਾਂ ਸ਼੍ਰੀ ਜਿਲਾਰਾਮ ਬਾਂਸਲ, ਸ਼੍ਰੀ ਸਤੀਸ਼ ਸੂਦ, ਸ਼੍ਰੀ ਬੀ ਬੀ ਸ਼ਰਮਾ, ਸ਼੍ਰੀ ਪੀ ਐਲ ਦੁਆ ਅਤੇ ਸ਼੍ਰੀ ਨਿਤਯਾਨੰਦ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਜਥੇਬੰਦੀ ਦੇ ਮੈਂਬਰਾਂ ਨੇ ਦੱਸਿਆ ਕਿ ਲੱਗਭਗ 180 ਮੈਂਬਰਾਂ ਨੇ 4 ਲੱਖ 51 ਹਜ਼ਾਰ ਰੁਪਏ ਦੀ ਰਾਸ਼ੀ ਇਸ ਫੰਡ ਲਈ ਆਨਲਾਈਨ ਜਮਾ ਕਰਵਾਈ ਹੈ। ਇਨ•ਾਂ ਵਿਚੋਂ ਪੀ ਏ ਯੂ ਦੇ ਸਾਬਕਾ ਸਹਾਇਕ ਅਸਟੇਟ ਅਫ਼ਸਰ ਸ਼੍ਰੀ ਸ਼ਰਮਾ ਨੇ 1 ਲੱਖ ਰੁਪਏ ਦਾ ਯੋਗਦਾਨ ਪਾਇਆ ਹੈ। ਨਾਲ ਹੀ ਸੇਵਾਮੁਕਤ ਹੋਏ 26 ਇਸਤਰੀ ਮੈਂਬਰਾਂ ਨੇ ਵੀ ਭਰਪੂਰ ਸਹਿਯੋਗ ਇਸ ਕਾਰਜ ਲਈ ਦਿੱਤਾ ਹੈ।
ਇਸ ਮੌਕੇ ਪੀ ਏ ਯੂ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਪਦਮਸ਼੍ਰੀ ਐਵਾਰਡੀ ਨੇ ਇਨ•ਾਂ ਮੈਂਬਰਾਂ ਦਾ ਧੰਨਵਾਦ ਕਰਦਿਆਂ ਸਮਾਜ ਭਲਾਈ ਲਈ ਲਗਾਤਾਰ ਸਰਗਰਮ ਰਹਿਣ ਲਈ ਵਧਾਈ ਦਿੱਤੀ। ਉਨ•ਾਂ ਇਹ ਵੀ ਕਿਹਾ ਕਿ ਸੰਕਟ ਦੀ ਇਸ ਘੜੀ ਵਿਚ ਪੀ ਏ ਯੂ ਮੁਲਾਜ਼ਮਾਂ ਨੇ ਪਹਿਲ ਕਰਕੇ ਮਿਸਾਲੀ ਕਾਰਜ ਕੀਤਾ ਹੈ।ਇਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਾਰਚ ਮਹੀਨੇ ਵਿਚ ਵੀ ਸੇਵਾਮੁਕਤ ਕਰਮਚਾਰੀਆਂ ਦੀ ਜਥੇਬੰਦੀ ਨੇ 51 ਹਜ਼ਾਰ ਰੁਪਏ ਦਾ ਯੋਗਦਾਨ ਪੀ ਏ ਯੂ ਰਾਹੀਂ ਇਸ ਫੰਡ ਲਈ ਦਿੱਤਾ ਸੀ।