ਨਿਊਜ਼ ਪੰਜਾਬ
19 ਜਨਵਰੀ 2026
ਪੰਜਾਬੀ ਕੁਸ਼ਤੀ ਜਗਤ ਤੋਂ ਇਕ ਭਾਵੁਕ ਅਤੇ ਇਤਿਹਾਸਕ ਖ਼ਬਰ ਸਾਹਮਣੇ ਆਈ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਕੁਸ਼ਤੀ ਦੇ ਧਰੂ ਤਾਰੇ ਜਸਕੰਵਰ ਸਿੰਘ (ਜੱਸਾ ਪੱਟੀ) ਨੇ ਅੱਜ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਜੱਸਾ ਪੱਟੀ ਨੇ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਪੋਸਟ ਅਤੇ ਵੀਡੀਓ ਸਾਂਝੀ ਕਰਦਿਆਂ ਲਿਖਿਆ — “ਅੱਜ ਭਰਿਆ ਮੇਲਾ ਛੱਡ ਰਿਹਾਂ…”, ਜਿਸ ਦੌਰਾਨ ਉਹ ਕਾਫ਼ੀ ਭਾਵੁਕ ਨਜ਼ਰ ਆਇਆ।
ਇਸ ਅਚਾਨਕ ਫੈਸਲੇ ਨੇ ਉਸ ਦੇ ਲੱਖਾਂ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਜੱਸਾ ਪੱਟੀ ਦੀ ਭਾਵੁਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਵੇਖ ਕੇ ਫੈਨਜ਼ ਵੀ ਭਾਵੁਕ ਹੋ ਗਏ ਅਤੇ ਉਸ ਦੇ ਅਗਲੇ ਜੀਵਨ ਲਈ ਦੁਆਵਾਂ ਤੇ ਸ਼ੁਭਕਾਮਨਾਵਾਂ ਦੇ ਰਹੇ ਹਨ।
ਪਟਕੇ ਲਈ ਛੱਡੀ ਸੀ ਵਿਸ਼ਵ ਚੈਂਪੀਅਨਸ਼ਿਪ
ਜੱਸਾ ਪੱਟੀ ਨਾ ਸਿਰਫ਼ ਮੈਦਾਨ ਦਾ ਸੂਰਮਾ ਰਿਹਾ, ਸਗੋਂ ਸਿਧਾਂਤਾਂ ਦਾ ਵੀ ਪ੍ਰਤੀਕ ਬਣਿਆ। ਜਾਣਕਾਰੀ ਅਨੁਸਾਰ, ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਦਾ ਜੰਮਪਲ ਜੱਸਾ ਪੱਟੀ ਉਹ ਖਿਡਾਰੀ ਹੈ, ਜਿਸ ਨੇ 2018 ਵਿੱਚ ਤੁਰਕੀ ਵਿੱਚ ਹੋਣ ਵਾਲੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਸਿਰਫ਼ ਪਟਕੇ ਦੀ ਮਰਿਆਦਾ ਕਾਰਨ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ।
13 ਸਾਲ ਦੀ ਉਮਰ ‘ਚ ਸ਼ੁਰੂ ਹੋਇਆ ਸੁਪਨਿਆਂ ਦਾ ਸਫ਼ਰ
ਰੁਸਤਮੇ ਹਿੰਦ ਕਹੇ ਜਾਣ ਵਾਲੇ ਜੱਸਾ ਪੱਟੀ ਨੇ ਦੱਸਿਆ ਕਿ ਉਸ ਨੇ 2009 ਵਿੱਚ ਸਿਰਫ਼ 13 ਸਾਲ ਦੀ ਉਮਰ ‘ਚ ਕੁਸ਼ਤੀ ਦੀ ਦੁਨੀਆ ‘ਚ ਕਦਮ ਰੱਖਿਆ ਸੀ। ਅੱਜ 2026 ਤੱਕ ਲਗਭਗ 20 ਸਾਲਾਂ ਦੇ ਕਰੀਅਰ ਦੌਰਾਨ ਉਸ ਨੇ ਅਥਾਹ ਪਿਆਰ, ਮਾਨ-ਸਨਮਾਨ ਅਤੇ ਸ਼ੋਹਰਤ ਹਾਸਲ ਕੀਤੀ।
ਰਵਾਇਤੀ ਮਿੱਟੀ ਦੀ ਕੁਸ਼ਤੀ (ਦੰਗਲ) ਸਰਕਟ ਵਿੱਚ ਜੱਸਾ ਪੱਟੀ ਨੂੰ “ਮਿੱਟੀ ਦਾ ਸ਼ੇਰ” ਅਤੇ “ਮਿੱਟੀ ਦੀ ਕੁਸ਼ਤੀ ਦਾ ਵਿਰਾਟ ਕੋਹਲੀ” ਵਰਗੇ ਉਪਨਾਮ ਮਿਲੇ। ਜੱਸਾ ਦਾ ਦਾਅਵਾ ਹੈ ਕਿ ਉਸ ਨੇ 1,500 ਤੋਂ ਵੱਧ ਦੰਗਲ ਮੁਕਾਬਲੇ ਖੇਡੇ ਹਨ।
