ਨਿਊਜ਼ ਪੰਜਾਬ
14 ਜਨਵਰੀ 2026
40 ਮੁਕਤੇ (ਚਾਲੀ ਮੁਕਤੇ) ਸਿੱਖ ਇਤਿਹਾਸ ਦੀ ਉਹ ਮਹਾਨ ਮਿਸਾਲ ਹਨ ਜਿਨ੍ਹਾਂ ਨੇ ਪਸ਼ਚਾਤਾਪ, ਵਫ਼ਾਦਾਰੀ ਅਤੇ ਸ਼ਹਾਦਤ ਨਾਲ ਆਪਣਾ ਨਾਮ ਅਮਰ ਕਰ ਲਿਆ।
1705 ਈਸਵੀ ਵਿੱਚ, ਆਨੰਦਪੁਰ ਸਾਹਿਬ ਦੀ ਲੰਮੀ ਘੇਰਾਬੰਦੀ ਅਤੇ ਮੁਸ਼ਕਲਾਂ ਕਾਰਨ ਮਾਝੇ ਦੇ 40 ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਦਾ ਸਾਥ ਛੱਡ ਕੇ ਇਕ ਲਿਖਤੀ ਦਸਤਾਵੇਜ਼ ‘ਬੇਦਾਵਾ’ ‘ਤੇ ਦਸਤਖ਼ਤ ਕਰ ਦਿੱਤੇ। ਬਾਅਦ ਵਿੱਚ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ।ਮਹਾਨ ਯੋਧਣੀ ਮਾਈ ਭਾਗੋ ਨੇ ਉਨ੍ਹਾਂ ਨੂੰ ਧਰਮ ਅਤੇ ਗੁਰੂ ਪ੍ਰਤੀ ਫ਼ਰਜ਼ ਯਾਦ ਕਰਵਾਇਆ। ਉਸਦੀ ਅਗਵਾਈ ਹੇਠ 40 ਸਿੱਖ ਮੁੜ ਗੁਰੂ ਜੀ ਦੀ ਰੱਖਿਆ ਲਈ ਤਿਆਰ ਹੋਏ।
ਮੁਗਲ ਫੌਜਾਂ ਨੇ ਗੁਰੂ ਜੀ ਦਾ ਪਿੱਛਾ ਕੀਤਾ। ਮੁਕਤਸਰ (ਉਸ ਵੇਲੇ ਖਿਦਰਾਣਾ) ਦੇ ਨੇੜੇ ਭਿਆਨਕ ਜੰਗ ਹੋਈ। 40 ਸਿੱਖਾਂ ਨੇ ਅਸਾਧਾਰਣ ਬਹਾਦਰੀ ਨਾਲ ਲੜਦਿਆਂ ਇੱਕ-ਇੱਕ ਕਰਕੇ ਸ਼ਹਾਦਤ ਪ੍ਰਾਪਤ ਕੀਤੀ।

ਸ਼ਹਾਦਤ ਤੋਂ ਬਾਅਦ, ਗੁਰੂ ਗੋਬਿੰਦ ਸਿੰਘ ਜੀ ਨੇ ਬੇਦਾਵਾ ਫਾੜ ਕੇ ਐਲਾਨ ਕੀਤਾ ਕਿ ਇਹ ਸਿੱਖ ਮੁਕਤ ਹੋ ਗਏ ਹਨ। ਇਸੇ ਕਰਕੇ ਉਹ 40 ਮੁਕਤੇ ਕਹਲਾਏ ਅਤੇ ਥਾਂ ਦਾ ਨਾਮ ਮੁਕਤਸਰ ਪਿਆ। ਉਨ੍ਹਾਂ ਦੀ ਯਾਦ ਵਿੱਚ ਹਰ ਸਾਲ ਮਾਘੀ ਦਾ ਤਿਉਹਾਰ ਮਨਾਇਆ ਜਾਂਦਾ ਹੈ।
ਮੁਕਤਸਰ ਦਾ ਮਾਘੀ ਮੇਲਾ ਆਪਣੀ ਵੱਖਰੀ ਪਹਿਚਾਣ ਰੱਖਦਾ ਹੈ। ਹਰ ਸਾਲ ਮਾਘ ਮਹੀਨੇ ਦੀ ਪਹਿਲੀ ਤਾਰੀਖ ਨੂੰ ਮੁਕਤਸਰ ਸ਼ਹਿਰ ਸ਼ਹਾਦਤ, ਸ਼ਰਧਾ ਅਤੇ ਖੁਸ਼ੀ ਦੀਆਂ ਰੌਣਕਾਂ ਨਾਲ ਗੂੰਜ ਉੱਠਦਾ ਹੈ।

ਮਾਘੀ ਦੇ ਮੌਕੇ ‘ਤੇ ਲੱਖਾਂ ਸ਼ਰਧਾਲੂ ਦੂਰ-ਦੂਰ ਤੋਂ ਮੁਕਤਸਰ ਪਹੁੰਚਦੇ ਹਨ। ਸਵੇਰੇ-ਸਵੇਰੇ ਸਰੋਵਰ ਵਿੱਚ ਇਸ਼ਨਾਨ ਕੀਤਾ ਜਾਂਦਾ ਹੈ। ਗੁਰਦੁਆਰਿਆਂ ਵਿੱਚ ਅਖੰਡ ਪਾਠ ਸਾਹਿਬ, ਕੀਰਤਨ, ਅਰਦਾਸ ਅਤੇ ਗੁਰੂ ਕਾ ਲੰਗਰ ਲਗਦਾ ਹੈ। ਇਹ ਸਾਰੀਆਂ ਰੌਣਕਾਂ 40 ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਿਤ ਹੁੰਦੀਆਂ ਹਨ।
