ਨਿਊਜ਼ ਪੰਜਾਬ
2 ਜਨਵਰੀ 2026
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਲਾਪਤਾ ਹੋਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸੀ.ਏ. ਸਤਿੰਦਰ ਸਿੰਘ ਕੋਲੀ ਨੂੰ ਬੀਤੀ ਦੇਰ ਰਾਤ ਡਿਊਟੀ ਮੈਜਿਸਟ੍ਰੇਟ ਗੌਰਵ ਕੁਮਾਰ ਸ਼ਰਮਾ (ਜੇ.ਐਮ.ਆਈ.ਸੀ.) ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਇਸ ਮੌਕੇ ਮੁਲਜ਼ਮ ਨੂੰ ਹਰਮਿੰਦਰ ਸਿੰਘ ਸੰਧੂ (ਏ.ਸੀ.ਪੀ.) ਅਤੇ ਇੰਸਪੈਕਟਰ ਅਮੋਲਕ ਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਅਦਾਲਤ ਵਿੱਚ ਲੈ ਕੇ ਪੁੱਜੀ। ਪੁਲਿਸ ਵੱਲੋਂ ਮਾਮਲੇ ਦੀ ਹੋਰ ਡੂੰਘੀ ਜਾਂਚ ਅਤੇ ਪੁੱਛਗਿੱਛ ਲਈ ਮਾਣਯੋਗ ਅਦਾਲਤ ਕੋਲੋਂ 6 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।ਉੱਧਰ, ਪੇਸ਼ੀ ਦੌਰਾਨ ਮੌਕੇ ’ਤੇ ਮੌਜੂਦ ਪੱਤਰਕਾਰਾਂ ਨੇ ਦੋਸ਼ ਲਗਾਇਆ ਕਿ ਪੁਲਿਸ ਟੀਮ ਵੱਲੋਂ ਉਨ੍ਹਾਂ ਨਾਲ ਧੱਕਾ ਮੁੱਕੀ ਕੀਤੀ ਗਈ। ਇਸ ਘਟਨਾ ਤੋਂ ਬਾਅਦ ਪੱਤਰਕਾਰ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਸਮੂਹ ਪੱਤਰਕਾਰਾਂ ਵੱਲੋਂ ਇਸ ਵਰਤਾਓ ਦੀ ਸਖ਼ਤ ਨਿੰਦਾ ਕੀਤੀ ਗਈ ਹੈ।
ਪੱਤਰਕਾਰਾਂ ਦਾ ਕਹਿਣਾ ਹੈ ਕਿ ਅਦਾਲਤੀ ਪੇਸ਼ੀ ਜਿਹੇ ਸੰਵੇਦਨਸ਼ੀਲ ਅਤੇ ਲੋਕਤੰਤਰਕ ਮੌਕਿਆਂ ’ਤੇ ਮੀਡੀਆ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਬੂਲਯੋਗ ਨਹੀਂ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਕਰਕੇ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
