ਨਿਊਜ਼ ਪੰਜਾਬ
22 ਦਸੰਬਰ 2025
ਕਮਿਸ਼ਨਰੇਟ ਪੁਲਿਸ ਜਲੰਧਰ ਦੀ ਸੀਆਈਏ-ਸਟਾਫ ਟੀਮ ਨੇ ਇੱਕ ਅਹਿਮ ਕਾਰਵਾਈ ਦੌਰਾਨ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਗੈਰਕਾਨੂੰਨੀ ਹਥਿਆਰ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨਰ ਪੁਲਿਸ ਜਲੰਧਰ ਧੰਨਪ੍ਰੀਤ ਕੌਰ ਨੇ ਦੱਸਿਆ ਕਿ ਇਹ ਕਾਰਵਾਈ ਏਡੀਸੀਪੀ ਮਨਪ੍ਰੀਤ ਸਿੰਘ ਢਿੱਲੋਂ ਅਤੇ ਏਸੀਪੀ ਜਯੰਤ ਪੁਰੀ ਦੀ ਨਿਗਰਾਨੀ ਹੇਠ, ਇੰਸਪੈਕਟਰ ਸੁਰਿੰਦਰ ਕੁਮਾਰ, ਇੰਚਾਰਜ ਸੀਆਈਏ ਸਟਾਫ ਜਲੰਧਰ ਦੀ ਅਗਵਾਈ ਵਿੱਚ ਅਮਲ ਵਿੱਚ ਲਿਆਂਦੀ ਗਈ। ਉਨ੍ਹਾਂ ਮੁਤਾਬਕ 21 ਦਸੰਬਰ ਨੂੰ ਸੀਆਈਏ-ਸਟਾਫ ਦੀ ਟੀਮ ਨੇ ਨਾਖਾ ਵਾਲੇ ਬਾਗ, ਜਲੰਧਰ ਤੋਂ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ, ਜਿਨ੍ਹਾਂ ਦੀ ਪਛਾਣ ਰੋਹਨ ਕਲਿਆਣ ਪੁੱਤਰ ਰਵੀ ਕਲਿਆਣ ਵਾਸੀ ਬੂਟਾ ਪਿੰਡ ਅਤੇ ਰੋਸ਼ਨ ਸਾਰਕੀ ਉਰਫ਼ ਨੇਪਾਲੀ ਪੁੱਤਰ ਰਿੰਕੂ ਸਾਰਕੀ ਵਾਸੀ ਬੂਟਾ ਮੰਡੀ, ਜਲੰਧਰ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਗ੍ਰਿਫਤਾਰੀ ਕੀਤੇ ਗਏ ਮੁਲਜ਼ਮਾਂ ਕੋਲੋਂ 3 ਪਿਸਟਲ 32 ਬੋਰ ਅਤੇ 6 ਜਿੰਦਾ ਰੋਂਦ 32 ਬੋਰ ਬਰਾਮਦ ਕੀਤੇ ਗਏ ਹਨ।ਉਨ੍ਹਾਂ ਹੋਰ ਦੱਸਿਆ ਕਿ ਦੋਸ਼ੀ ਰੋਹਨ ਕਲਿਆਣ ਦੇ ਖ਼ਿਲਾਫ ਪਹਿਲਾਂ ਵੀ ਥਾਣਾ ਡਿਵੀਜ਼ਨ ਨੰਬਰ 2, ਜਲੰਧਰ ਵਿਖੇ ਇੱਕ ਮੁਕੱਦਮਾ ਦਰਜ ਹੈ, ਜਿਸ ਵਿੱਚ ਦੋਸ਼ੀ ਭਗੌੜਾ ਕਰਾਰ ਸੀ। ਦੋਹਾਂ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ| ਜਲੰਧਰ ਪੁਲਿਸ ਸ਼ਹਿਰ ਵਿੱਚ ਕਾਨੂੰਨ ਅਤੇ ਅਮਨ-ਸ਼ਾਂਤੀ ਨੂੰ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਤਰ੍ਹਾਂ ਦੀਆਂ ਗੈਰਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹਰ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
