ਨਿਊਜ਼ ਪੰਜਾਬ
11 ਸਤੰਬਰ 2025
ਅੱਜ ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਦੀਆਂ ਪੰਜਾਬਣ ਖਿਡਾਰਨਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁਲਾਕਾਤ ਕਰਨਗੇ। ਸ਼ਾਮ ਕਰੀਬ 5:30 ਵਜੇ ਮੁੱਲਾਂਪੁਰ ਦੇ ਨਵੇਂ ਸਟੇਡੀਅਮ ਵਿੱਚ ਪ੍ਰੋਗਰਾਮ ਹੋਵੇਗਾ। ਇਹ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰਕੇ ਦਿੱਤੀ ਹੈ।

CM ਮਾਨ ਨੇ ਦੱਸਿਆ ਕਿ ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਭਾਰਤੀ ਮਹਿਲਾ ਟੀਮ ਦੀਆਂ ਪੰਜਾਬਣ ਖਿਡਾਰਨਾਂ ਹਰਮਨਪ੍ਰੀਤ ਕੌਰ (ਕਪਤਾਨ), ਅਮਨਜੋਤ ਕੌਰ, ਹਰਲੀਨ ਕੌਰ ਦਿਓਲ ਅਤੇ ਉਨ੍ਹਾਂ ਦੇ ਕੋਚਿੰਗ ਸਟਾਫ਼ ਨੂੰ ਸਨਮਾਨਿਤ ਕੀਤਾ ਜਾਵੇਗਾ। ਸਟੇਡੀਅਮ ਵਿੱਚ ਯੁਵਰਾਜ ਸਿੰਘ ਅਤੇ ਹਰਮਨਪ੍ਰੀਤ ਦੇ ਨਾਮ ਤੇ ਬਣੇ ਸਟੈਂਡ ਦਾ ਉਦਘਾਟਨ ਵੀ ਕੀਤਾ ਜਾਵੇਗਾ..ਚੱਕ ਦੇ ਇੰਡੀਆ..।
ਦੱਸ ਦੇਈਏ ਕਿ ਭਾਰਤ ਦੀਆਂ ਕੁੜੀਆਂ ਨੇ ਆਖਿਰਕਾਰ 47 ਸਾਲ ਦੇ ਲੰਬੇ ਇੰਤਜ਼ਾਰ ਦੇ ਬਾਅਦ ਫਾਈਨਲ ਵਿਚ ਸਾਊਥ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਵਨਡੇ ਵਰਲਡ ਕੱਪ ਦਾ ਖਿਤਾਬ ਜਿੱਤ ਕੇ ਇਤਿਹਾਸ ਰਚਿਆ ਸੀ। 87 ਦੌੜਾਂ ਬਣਾਉਣ ਦੇ ਬਾਅਦ 2 ਅਹਿਮ ਵਿਕਟਾਂ ਲੈਣ ਵਾਲੀ 21 ਸਾਲ ਦੀ ਸ਼ੇਫਾਲੀ ਵਰਮਾ ਪਲੇਅਰ ਆਫ ਦਿ ਫਾਈਨਲ ਰਹੀ।
DY ਪਾਟਿਲ ਸਟੇਡੀਅਮ ਵਿਚ ਸਾਊਥ ਅਫਰੀਕਾ ਨੇ ਬਾਲਿੰਗ ਚੁਣੀ। ਭਾਰਤ ਨੇ 7 ਵਿਕਟਾਂ ਗੁਆ ਕੇ 298 ਦੌੜਾਂ ਬਣਾਈਆਂ। ਸ਼ੇਫਾਲੀ ਨੇ 87, ਦੀਪਤੀ ਸ਼ਰਮਾ ਨੇ 58, ਸਮ੍ਰਿਤੀ ਮੰਧਾਨਾ ਨੇ 45 ਤੇ ਰਿਚਾ ਘੋਸ਼ ਨੇ 34 ਦੌੜਾਂ ਦੀ ਪਾਰੀ ਖੇਡੀ। ਵੱਡੇ ਟਾਰਗੈੱਟ ਸਾਹਮਣੇ ਸਾਊਥ ਅਫਰੀਕਾ ਟੀਮ 246 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਕਪਤਾਨ ਲੌਰਾ ਵੋਲਵਾਰਟ ਨੇ ਲਗਾਤਾਰ ਦੂਜਾ ਸੈਂਕੜਾ ਲਗਾਇਆ ਪਰ ਟੀਮ ਨੂੰ ਜਿਤ ਦਿਵਾਉਣ ਤੋਂ ਪਹਿਲਾਂ ਹੀ ਆਊਟ ਹੋ ਗਈ। ਭਾਰਤ ਤੋਂ ਪਾਰਟ ਟਾਈਮ ਆਫ ਸਪਿਨਰ ਸ਼ੇਫਾਲੀ ਵਰਮਾ ਨੇ 2 ਵਿਕਟਾਂ ਲੈ ਕੇ ਮੈਚ ਪਲਟਿਆ। ਦੂਜੇ ਪਾਸੇ ਦੀਪਤੀ ਸ਼ਰਮਾ ਨੇ 5 ਵਿਕਟਾਂ ਲੈ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ। ਦੀਪਤੀ ਪਲੇਅਰ ਆਫ ਦਿ ਟੂਰਨਾਮੈਂਟ ਚੁਣੀ ਗਈ।
ਵੂਮੈਨਸ ਵਨਡੇ ਵਰਲਡ ਕੱਪ ਦੀ ਸ਼ੁਰੂਆਤ 52 ਸਾਲ ਪਹਿਲਾਂ 1972 ਵਿਚ ਹੋਈ ਸੀ ਉਦੋਂ ਭਾਰਤ ਨੇ ਹਿੱਸਾ ਨਹੀਂ ਲਿਆ ਸੀ। 1979 ਵਿਚ ਇੰਡੀਆ ਵੂਮੈਨਸ ਨੇ ਡਾਇਨਾ ਐਡਲਟੀ ਦੀ ਕਪਤਾਨੀ ਵਿਚ ਪਹਿਲੀ ਵਾਰ ਟੂਰਨਾਮੈਂਟ ਵਿਚ ਹਿੱਸਾ ਲਿਆ। ਉਦੋਂ ਤੋਂ ਟੀਮ ਨੂੰ ਪਹਿਲਾ ਟਾਈਟਲ ਜਿੱਤਣ ਵਿਚ 47 ਸਾਲ ਲੱਗ ਗਏ। 2005 ਵਿਚ ਟੀਮ ਇੰਡੀਆ ਪਹਿਲੀ ਵਾਰ ਫਾਈਨਲ ਵਿਚ ਪਹੁੰਚੀ ਪਰ ਆਸਟ੍ਰੇਲੀਆ ਤੋਂਹਾਰ ਗਈ। 2017 ਵਿਚ ਭਾਰਤ ਨੇ ਆਸਟ੍ਰੇਲੀਆ ਨੂੰ ਹੀ ਸੈਮੀਫਾਈਨਲ ਵਿਚ ਹਰਾ ਕੇ ਫਾਈਨਲ ਵਿਚ ਐਂਟਰੀ ਲਈ ਪਰ ਇੰਗਲੈਂਡ ਨੇ ਫਾਈਨਲ ਹਰਾ ਦਿੱਤਾ। 2025 ਵਿਚ ਟੀਮ ਨੇ ਇਕ ਵਾਰ ਫਿਰ ਆਸਟ੍ਰੇਲੀਆ ਨੂੰ ਸੈਮੀਫਾਈਨਲ ਹਰਾਇਆ ਪਰ ਇਸ ਵਾਰ ਫਾਈਨਲ ਵਿਚ ਸਾਊਥ ਅਫਰੀਕਾ ਨੂੰ ਹਰਾ ਕੇ ਟਰਾਫੀ ਜਿੱਤ ਲਈ।
