ਦਿੱਲੀ ਬਲਾਸਟ ਮਾਮਲਾ: ਸ੍ਰੀਨਗਰ ਦੇ ਡਾਕਟਰ ਤਜਾਮੁਲ ਅਹਿਮਦ ਮਲਿਕ ਦੀ ਗ੍ਰਿਫ਼ਤਾਰੀ, ਐਨ.ਆਈ.ਏ. ਨੂੰ ਸਖ਼ਤ ਨਿਰਦੇਸ਼

ਨਿਊਜ਼ ਪੰਜਾਬ

ਦਿੱਲੀ,12 ਨਵੰਬਰ 2025

ਦਿੱਲੀ ਬਲਾਸਟ ਮਾਮਲੇ ਵਿੱਚ ਪੁਲਿਸ ਨੇ ਸ੍ਰੀਨਗਰ ਦੇ ਇੱਕ ਡਾਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਡਾਕਟਰ ਦਾ ਨਾਮ ਤਜਾਮੁਲ ਅਹਿਮਦ ਮਲਿਕ ਹੈ। ਉਹ ਜੰਮੂ-ਕਸ਼ਮੀਰ ਦੇ ਕੁਲਗਾਮ ਦਾ ਰਹਿਣ ਵਾਲਾ ਹੈ। ਡਾਕਟਰ ਮਲਿਕ ਐੱਸ.ਐੱਚ.ਐੱਮ.ਐੱਸ. ਹਸਪਤਾਲ ਵਿੱਚ ਕੰਮ ਕਰਦਾ ਸੀ। ਪੁਲਿਸ ਨੇ ਉਸਨੂੰ ਕਰਨ ਸਿੰਘ ਨਗਰ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਹੁਣ ਡਾਕਟਰ ਤੋਂ ਪੁੱਛਗਿੱਛ ਕਰੇਗੀ। ਇਸ ਤੋਂ ਪਹਿਲਾਂ, ਜੰਮੂ-ਕਸ਼ਮੀਰ ਪੁਲਿਸ ਨੇ ਮੰਗਲਵਾਰ ਨੂੰ ਪੁਲਵਾਮਾ ਤੋਂ ਇੱਕ ਹੋਰ ਡਾਕਟਰ ਨੂੰ ਹਿਰਾਸਤ ਵਿੱਚ ਲਿਆ ਸੀ, ਜਿਸਦੀ ਪਛਾਣ ਸੱਜਾਦ ਅਹਿਮਦ ਮੱਲਾ ਵਜੋਂ ਹੋਈ ਸੀ। ਸੱਜਾਦ, ਹਮਲੇ ਦੇ ਮੁੱਖ ਦੋਸ਼ੀ ਉਮਰ ਦਾ ਕਰੀਬੀ ਦੋਸਤ ਦੱਸਿਆ ਜਾ ਰਿਹਾ ਹੈ।

ਦੱਸ ਦੇਈਏ ਕਿ ਸੋਮਵਾਰ ਨੂੰ ਦਿੱਲੀ ਬਲਾਸਟ ਤੋਂ ਬਾਅਦ ਮੰਗਲਵਾਰ ਨੂੰ ਅੱਤਵਾਦੀਆਂ ਖਿਲਾਫ ਮੁਹਿੰਮ ਹੋਰ ਤੇਜ਼ ਕਰ ਦਿੱਤੀ ਗਈ ਸੀ। ਫੋਰੈਂਸਿਕ ਟੀਮ ਨੇ ਧਮਾਕੇ ਵਾਲੀ ਥਾਂ ਤੋਂ 42 ਸਬੂਤ ਇਕੱਠੇ ਕੀਤੇ ਸਨ। ਇਨ੍ਹਾਂ ਵਿਚ ਆਈ 20 ਕਾਰ (ਜਿਸ ਵਿਚ ਧਮਾਕਾ ਹੋਇਆ ਸੀ), ਟਾਇਰ, ਚੈਸੀ, ਸੀ.ਐਨ.ਜੀ. ਸਿਲੰਡਰ, ਬੋਨਟ ਦੇ ਹਿੱਸੇ ਅਤੇ ਹੋਰ ਹਿੱਸੇ ਸ਼ਾਮਿਲ ਹਨ। ਇਨ੍ਹਾਂ ਸਬੂਤਾਂ ਦੀ ਜਾਂਚ ਅੱਜ ਤੋਂ ਸ਼ੁਰੂ ਹੋਵੇਗੀ।

ਦੱਸ ਦੇਈਏ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਧਮਾਕਿਆਂ ਸੰਬੰਧੀ ਐਨ.ਆਈ.ਏ. ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਉਹ ਜਲਦੀ ਤੋਂ ਜਲਦੀ ਜਾਂਚ ਰਿਪੋਰਟ ਪੇਸ਼ ਕਰਨ ਅਤੇ ਦੋਸ਼ੀਆਂ ਦੀ ਪਛਾਣ ਕਰਨ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਸਾਰਿਆਂ ਨੂੰ ਸਖ਼ਤ ਸਜ਼ਾ ਮਿਲੇਗੀ।