ਤਰਨ ਤਾਰਨ ਜਿਮਨੀ ਚੋਣਾਂ ਦੌਰਾਨ ਮੰਦਭਾਗੀ ਖਬਰ; ਬੰਗਾ ਤੋਂ ਸਾਬਕਾ ਕਾਂਗਰਸ MLA ਤਰਲੋਚਨ ਸਿੰਘ ਦਾ ਦੇਹਾਂਤ

ਨਿਊਜ਼ ਪੰਜਾਬ

9 ਨਵੰਬਰ 2025

ਬੰਗਾ ਹਲਕੇ ਤੋਂ ਸਾਬਕਾ ਕਾਂਗਰਸੀ ਵਿਧਾਇਕ ਤਰਲੋਚਨ ਸਿੰਘ ਸੂੰਢ ਦਾ ਅਚਾਨਕ  ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਬੀਰ ਸਿੰਘ ਕਰਨ ਬੁਰਜ ਦੇ ਹੱਕ ਵਿੱਚ ਲਗਭਗ ਦਸ ਦਿਨਾਂ ਤੋਂ ਦਿਨ-ਰਾਤ ਪ੍ਰਚਾਰ ਕਰ ਰਹੇ ਸਨ।

ਮਿਲੀ ਜਾਣਕਾਰੀ ਅਨੁਸਾਰ, ਸ਼ਨੀਵਾਰ ਰਾਤ ਕਰੀਬ 7:45 ਵਜੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਤਰਨਤਾਰਨ ਲਿਜਾਇਆ ਗਿਆ। ਪਰ ਅਫਸੋਸ, ਡਾਕਟਰਾਂ ਨੇ ਜਾਂਚ ਕਰਨ ਉਪਰੰਤ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੁਖਦ ਖ਼ਬਰ ਨਾਲ ਪੂਰੀ ਕਾਂਗਰਸ ਪਾਰਟੀ ਵਿੱਚ ਨਿਰਾਸ਼ਾ ਅਤੇ ਸੋਗ ਦੀ ਲਹਿਰ ਫੈਲ ਗਈ ਹੈ।

ਬੰਗਾ ਰਾਖਵੀਂ ਸੀਟ ਤੋਂ ਸਾਬਕਾ ਵਿਧਾਇਕ ਤਰਲੋਚਨ ਸਿੰਘ ਜ਼ਿਲ੍ਹਾ ਕਾਂਗਰਸ ਜਨਰਲ ਸਕੱਤਰ ਅਵਤਾਰ ਸਿੰਘ ਤਨੇਜਾ ਅਤੇ ਤਰਨਤਾਰਨ ਸ਼ਹਿਰ ਦੇ ਵਾਰਡ 3 ਦੇ ਬੂਥ ਨੰਬਰ 111 ਦੇ ਇੰਚਾਰਜ ਸੁਖਦੇਵ ਸਿੰਘ ਬੂੰਦੀ ਨਾਲ ਚੋਣ ਡਿਊਟੀ ‘ਤੇ ਸਨ। ਉਹ ਪਿਛਲੇ 11 ਦਿਨਾਂ ਤੋਂ ਇੱਕ ਨਿੱਜੀ ਹੋਟਲ ਵਿੱਚ ਠਹਿਰੇ ਹੋਏ ਸਨ ਅਤੇ ਲਗਾਤਾਰ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਸਨ।

ਸਾਬਕਾ ਵਿਧਾਇਕ ਦੇ ਦੇਹਾਂਤ ‘ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ, ਖਡੂਰ ਸਾਹਿਬ ਦੇ ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਬੁਲਾਰੇ ਨਰਿੰਦਰ ਸਿੰਘ ਸੰਧੂ, ਉਮੀਦਵਾਰ ਕਰਨਬੀਰ ਸਿੰਘ ਕਰਨ ਬੁਰਜ, ਅਵਤਾਰ ਸਿੰਘ ਤਨੇਜਾ ਅਤੇ ਸੁਖਦੇਵ ਸਿੰਘ ਦਾਸੀਕੇ ਸਮੇਤ ਕਈ ਪਾਰਟੀ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।