ਕੰਗਨਾ ਰਣੌਤ ਅੱਜ ਬਠਿੰਡਾ ਅਦਾਲਤ’ਚ ਹੋਵੇਗੀ ਪੇਸ਼, ਕਿਸਾਨ ਮਾਣਹਾਨੀ ਮਾਮਲੇ’ਚ ਕਾਰਵਾਈ ਜਾਰੀ,, ਸੁਪਰੀਮ ਕੋਰਟ ਤੋਂ ਵੀ ਨਹੀਂ ਮਿਲੀ ਰਾਹਤ

ਨਿਊਜ਼ ਪੰਜਾਬ

27 ਅਕਤੂਬਰ 2025

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਅੱਜ 2021 ਦੇ ਕਿਸਾਨੀ ਵਿਰੋਧ ਪ੍ਰਦਰਸ਼ਨ ਨਾਲ ਜੁੜੇ ਮਾਣਹਾਨੀ ਮਾਮਲੇ ਵਿੱਚ ਬਠਿੰਡਾ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ। ਅਦਾਲਤ ਨੇ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ ਅਤੇ ਕੰਗਨਾ ਅੱਜ ਦੁਪਹਿਰ 2 ਵਜੇ ਤੋਂ ਬਾਅਦ ਅਦਾਲਤ ਵਿੱਚ ਪੇਸ਼ ਹੋਵੇਗੀ।

ਇਹ ਮਾਮਲਾ ਬਠਿੰਡਾ ਦੀ 87 ਸਾਲਾ ਕਿਸਾਨ ਮਹਿੰਦਰ ਕੌਰ ਵੱਲੋਂ ਦਾਇਰ ਕੀਤਾ ਗਿਆ ਸੀ, ਜਦੋਂ ਕੰਗਨਾ ਨੇ ਸੋਸ਼ਲ ਮੀਡੀਆ ‘ਤੇ ਮਹਿੰਦਰ ਕੌਰ ਦੀ ਤੁਲਨਾ ਸ਼ਾਹੀਨ ਬਾਗ ਅੰਦੋਲਨ ਦੀ ਬਿਲਕੀਸ ਬਾਨੋ ਨਾਲ ਕਰਦਿਆਂ ਇਹ ਟਿੱਪਣੀ ਕੀਤੀ ਸੀ ਕਿ ਇਹ ਔਰਤਾਂ “100-100 ਰੁਪਏ ਲੈ ਕੇ ਪ੍ਰਦਰਸ਼ਨ ਕਰਨ ਆਉਂਦੀਆਂ ਹਨ।”

ਅਦਾਲਤੀ ਕਾਰਵਾਈ ਤੋਂ ਬਚਣ ਲਈ ਕੰਗਨਾ ਰਣੌਤ ਨੇ ਇਸ ਕੇਸ ਨੂੰ ਖਾਰਜ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਬਾਅਦ ਵਿੱਚ ਸੁਪਰੀਮ ਕੋਰਟ ਵਿੱਚ ਪਟੀਸ਼ਨਾਂ ਦਾਇਰ ਕੀਤੀਆਂ ਸਨ, ਪਰ ਕਿਸੇ ਵੀ ਅਦਾਲਤ ਤੋਂ ਉਨ੍ਹਾਂ ਨੂੰ ਰਾਹਤ ਨਹੀਂ ਮਿਲੀ।ਸੁਪਰੀਮ ਕੋਰਟ ਨੇ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ ਕੰਗਨਾ ਨੇ ਨਾ ਸਿਰਫ਼ ਵਿਵਾਦਿਤ ਟਵੀਟ ਨੂੰ ਰੀਟਵੀਟ ਕੀਤਾ, ਬਲਕਿ ਬਜ਼ੁਰਗ ਔਰਤ ਬਾਰੇ ਇੱਕ ਵੱਖਰੀ ਟਿੱਪਣੀ ਵੀ ਸ਼ਾਮਲ ਕੀਤੀ। ਇਸ ਲਈ, ਮਾਮਲਾ ਹੇਠਲੀ ਅਦਾਲਤ ਵਿੱਚ ਚੱਲਦਾ ਰਹੇਗਾ ਅਤੇ ਕੰਗਨਾ ਨੂੰ ਅੱਜ ਅਦਾਲਤ ਵਿੱਚ ਆਪਣਾ ਸਪੱਸ਼ਟੀਕਰਨ ਪੇਸ਼ ਕਰਨਾ ਲਾਜ਼ਮੀ ਹੈ।