ਹਰੇਕ ਪਰਿਵਾਰ ਨੂੰ ਤਿੰਨ ਮਹੀਨੇ ਵਾਸਤੇ 15 ਕਿੱਲੋ ਪ੍ਰਤੀ ਜੀਅ ਕਣਕ ਅਤੇ ਤਿੰਨ ਕਿੱਲੋ ਪ੍ਰਤੀ ਪਰਿਵਾਰ ਦਾਲ ਦਿੱਤੀ ਗਈ

 

ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਜ਼ਿਲ੍ਹੇ ਦੇ 73585 ਪਰਿਵਾਰਾਂ ਤੱਕ ਪੁੱਜੀ ਰਾਹਤ-ਡੀ ਐਫ ਐਸ ਸੀ ਰਾਕੇਸ਼ ਭਾਸਕਰ

ਅਗਲੇ ਦਿਨਾਂ ’ਚ ਰਜਿਸਟ੍ਰਡ ਪ੍ਰਵਾਸੀ ਮਜ਼ਦੂਰਾਂ ਲਈ ਆਤਮ ਨਿਰਭਰ ਤਹਿਤ ਵੰਡਿਆ ਜਾਵੇਗਾ ਰਾਸ਼ਨ

ਨਿਊਜ਼ ਪੰਜਾਬ

ਨਵਾਂਸ਼ਹਿਰ, 1 ਜੂਨ- ਕੋਵਿਡ ਸੰਕਟ ਦੌਰਾਨ ਆਟਾ-ਦਾਲ ਅਤੇ ਅੰਨਤੋਦਿਆ ਯੋਜਨਾ ਤਹਿਤ ਰਜਿਸਟ੍ਰਡ ਪਰਿਵਾਰਾਂ ਨੂੰ ਪੰਜਾਬ ਦੇ ਖੁਰਾਕ ਤੇ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੀਆਂ ਹਦਾਇਤਾਂ ’ਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਹੁਣ ਤੱਕ 73585 ਪਰਿਵਾਰਾਂ ਨੂੰ ਰਾਸ਼ਨ (ਕਣਕ ਅਤੇ ਦਾਲ) ਦੀ ਵੰਡ ਕੀਤੀ ਜਾ ਚੁੱਕੀ ਹੈ।

ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਰਾਕੇਸ਼ ਭਾਸਕਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਆਟਾ-ਦਾਲ ਅਤੇ ਅੰਨਤੋਦਿਆ ਯੋਜਨਾ ਤਹਿਤ ਰਜਿਸਟ੍ਰਡ ਪਰਿਵਾਰਾਂ ਨੂੰ ਪ੍ਰਤੀ ਮੈਂਬਰ ਪ੍ਰਤੀ ਮਹੀਨਾ 5 ਕਿੱਲੋ ਕਣਕ ਅਤੇ ਪ੍ਰਤੀ ਪਰਿਵਾਰ ਪ੍ਰਤੀ ਮਹੀਨਾ ਇੱਕ ਕਿੱਲੋ ਦਾਲ, ਤਿੰਨ ਮਹੀਨੇ ਵਾਸਤੇ ਮੁਫ਼ਤ ਦੇਣ ਦੀ ਸ਼ੁਰੂਆਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਹੁਣ ਤੱਕ 93.64 ਫ਼ੀਸਦੀ ਲਾਭਪਾਤਰੀਆਂ ਨੂੰ ਅਨਾਜ ਦੀ ਵੰਡ ਕਰਕੇ ਪੰਜਾਬ ਦੇ ਮੋਹਰੀ ਜ਼ਿਲ੍ਹਿਆਂ ’ਚੋਂ ਇੱਕ ਹੈ।

ਅਨਾਜ ਵੰਡ ਨਾਲ ਜੁੜੇ ਵਿਭਾਗ ਦੇ ਖੁਰਾਕ ਇੰਸਪੈਕਟਰ ਜਤਿੰਦਰ ਸਿੰਘ ਅਨੁਸਾਰ ਅਨਾਜ ਵੰਡ ਨੂੰ ਪਾਰਦਰਸ਼ੀ ਬਣਾਉਣ ਲਈ ਇਹ ਸਕੀਮ ‘ਐਂਡ ਟੂ ਐਂਡ’ ਕੰਪਿਊਟਰੀਕਰਣ ਨਾਲ ਜੁੜੀ ਹੋਈ ਹੈ। ਜਦੋਂ ਕਿਸੇ ਵੀ ਪਰਿਵਾਰ ਨੂੰ ਡਿੱਪੂ ਹੋਲਡਰ ਵੱਲੋਂ ਰਾਸ਼ਨ ਦਿੱਤਾ ਜਾਂਦਾ ਸੀ ਤਾਂ ਉਸ ਦਾ ਨਾਲ ਹੀ ਆਨਲਾਈਨ ਵੇਰਵਾ ਵੀ ਦਰਜ ਕੀਤਾ ਜਾਂਦਾ ਸੀ ਤਾਂ ਜੋ ਸਟੇਟ ਅਤੇ ਰਾਸ਼ਟਰੀ ਪੱਧਰ ’ਤੇ ਰੋਜ਼ਾਨਾ ਦੀ ਪ੍ਰਗਤੀ ਦੇਖੀ ਜਾ ਸਕੇ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਕਣਕ ਦੇ ਸੀਜ਼ਨ ਦੇ ਨਾਲ-ਨਾਲ ਆਪਣੀ ਇਸ ਜ਼ਿੰਮੇਂਵਾਰੀ ਨੂੰ ਬਾਖੂਬੀ ਨਿਭਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਕੀਮ ਤਹਿਤ ਹੁਣ ਤੱਕ 274455 ਪਰਿਵਾਰਿਕ ਮੈਂਬਰਾਂ ਨੂੰ ਕਵਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਨੂੰ ਕੁੱਲ 4116 ਮੀਟਿ੍ਰਕ ਟਨ ਕਣਕ ਅਤੇ 220 ਮੀਟਿ੍ਰਕ ਟਨ ਦਾਲ ਦਿੱਤੀ ਗਈ ਹੈ।

ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਰਾਕੇਸ਼ ਭਾਸਕਰ ਅਨੁਸਾਰ ਵਿਭਾਗ ਵੱਲੋਂ ਅਗਲੇ ਦਿਨਾਂ ’ਚ ਸਮਾਰਟ ਕਾਰਡਾਂ ਤੋਂ ਵਾਂਝੇ ਪ੍ਰਵਾਸੀ ਤੇ ਹੋਰਨਾਂ ਮਜ਼ਦੂਰਾਂ ਨੂੰ ‘ਆਤਮ ਨਿਰਭਰ’ ਸਕੀਮ ਤਹਿਤ ਰਾਸ਼ਨ ਦੀ ਵੰਡ ਕੀਤੀ ਜਾਵੇਗੀ ਅਤੇ ਇਨ੍ਹਾਂ ਲਾਭਪਾਤਰੀਆਂ ਦੀ ਸ਼ਨਾਖ਼ਤ ਦਾ ਕੰਮ ਲਗਪਗ ਮੁਕੰਮਲ ਹੋਣ ਵਾਲਾ ਹੈ।