ਸਪੀਕਰ ਸੰਧਵਾਂ ਵੱਲੋਂ ਨਾਭਾ ਵਿਖੇ 6 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਵਿਸ਼ਵਕਰਮਾ ਭਵਨ ਦਾ ਉਦਘਾਟਨ
ਨਿਊਜ਼ ਪੰਜਾਬ
ਨਾਭਾ, 13 ਅਪ੍ਰੈਲ 2025
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਨਾਭਾ ਵਿਖੇ 6 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਨਿਵੇਕਲੇ ਵਿਸ਼ਵਕਰਮਾ ਭਵਨ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਜੱਸਾ ਰਾਮਗੜ੍ਹੀਆ ਦੇ ਵਾਰਸ ਭਾਈਚਾਰੇ ਵੱਲੋਂ ਲੋਕਾਂ ਲਈ ਦਿੱਤੇ ਗਏ ਇਸ ਤੋਹਫ਼ੇ ਲਈ ਸਮੂਹ ਨਾਭਾ ਨਿਵਾਸੀਆਂ ਨੂੰ ਵਧਾਈ ਦਿੱਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਪੀਕਰ ਸੰਧਵਾਂ ਨੇ ਵਿਸ਼ਵਕਰਮਾ ਭਾਈਚਾਰੇ ਨੂੰ ਇਕ ਲੋਕ ਭਲਾਈ ਦਾ ਕਾਰਜ ਕਰਨ ਲਈ ਵਧਾਈ ਦਿੰਦਿਆਂ ਦੱਸਿਆ ਕਿ ਇਸ ਭਵਨ ਵਿਖੇ ਨਾਮਾਤਰ ਲਾਗਤ ‘ਤੇ ਲੋੜਵੰਦ ਤੇ ਗਰੀਬ ਲੋਕ ਆਪਣੇ ਬੱਚਿਆਂ ਦੀਆਂ ਵਿਆਹ ਸ਼ਾਦੀਆਂ ਕਰ ਸਕਣਗੇ ਅਤੇ ਆਮ ਲੋਕ ਇਥੇ ਕੋਈ ਵੀ ਖੁਸ਼ੀ ਗਮੀ ਦੇ ਸਮਾਗਮ ਵੀ ਕਰਵਾ ਸਕਣਗੇ, ਜਿਸ ਕਰਕੇ ਇਲਾਕੇ ਦੇ ਲੋਕਾਂ ਲਈ ਇਸ ਵਿਸ਼ਵਕਰਮਾ ਭਵਨ ਦਾ ਬਹੁਤ ਲਾਭ ਹੋਵੇਗਾ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਰਾਮਗੜ੍ਹੀਆ ਭਾਈਚਾਰੇ ਦਾ ਸੂਬੇ ਦੀ ਤਰੱਕੀ ਤੇ ਉਦਯੋਗਿਕ ਵਿਕਾਸ ਸਮੇਤ ਏਕਤਾ ਨੂੰ ਮਜਬੂਤ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਹੈ ਅਤੇ ਇਸ ਭਾਈਚਾਰੇ ਨੇ ਨਾਭਾ ਵਿਖੇ ਸ਼ਾਨਦਾਰ ਵਿਸ਼ਵਕਰਮਾ ਭਵਨ ਦੀ ਉਸਾਰੀ ਕਰਵਾ ਕੇ ਭਾਈਚਾਰਕਤਾ ਦਾ ਪ੍ਰਤੀਕ ਬਣਾਇਆ। ਉਨ੍ਹਾਂ ਨੇ ਸਮੂਹ ਪੰਜਾਬੀਆਂ ਨੂੰ ਵਿਸਾਖੀ ਤੇ ਖ਼ਾਲਸਾ ਸਾਜਨਾ ਦਿਵਸ ਦੀ ਵਧਾਈ ਦਿੰਦਿਆਂ ਜਲ੍ਹਿਆਂ ਵਾਲੇ ਸਾਕੇ ਦੇ ਸਮੂਹ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਦਿੱਤੀ।
ਇਸ ਮੌਕੇ ਸੰਤ ਹਰਭਜਨ ਸਿੰਘ, ਵਿਧਾਇਕ ਗੁਰਦੇਵ ਸਿੰਘ ਦੇਵਮਾਨ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਜੱਸੀ ਸੋਹੀਆਂ ਵਾਲਾ, ਵਿਸ਼ਵਕਰਮਾ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਚਰਨ ਸਿੰਘ ਰਲ੍ਹਣ ਐਮ.ਡੀ ਮਲਕੀਤ ਕੰਬਾਇਨ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ, ਹਰੀ ਸਿੰਘ ਪ੍ਰੀਤ ਕੰਬਾਇਨ, ਆਲ ਇੰਡੀਆ ਕੰਬਾਇਨ ਐਸੋਸੀਏਸ਼ਨ ਪ੍ਰਧਾਨ ਅਵਤਾਰ ਸਿੰਘ ਨੰਨ੍ਹੜੇ, ਭਗਵੰਤ ਸਿੰਘ ਰਾਮਗੜ੍ਹੀਆ, ਕਰਤਾਰ ਕੰਬਾਈਨ ਮਨਪ੍ਰੀਤ ਸਿੰਘ, ਗਹੀਰ ਕੰਬਈਨ ਲਖਵਿੰਦਰ ਸਿੰਘ ਲੱਖੀ, ਗੁਰਦਿਆਲ ਕੰਬਾਈਨ ਅਮਰੀਕ ਸਿੰਘ, ਇੰਪਰੂਵਮੈਂਟ ਟਰੱਸਟ ਚੇਅਰਮੈਨ ਸੁਰਿੰਦਰਪਾਲ ਸ਼ਰਮਾ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ ਸਮੇਤ ਵੱਡੀ ਗਿਣਤੀ ‘ਚ ਹੋਰ ਪਤਵੰਤੇ ਤੇ ਸ਼ਖ਼ਸੀਅਤਾਂ ਮੌਜੂਦ ਸਨ।