CM ਮਾਨ ਦੀ ਫਰਜ਼ੀ ਵੀਡੀਓ ਨੂੰ ਮੋਹਾਲੀ ਕੋਰਟ ਨੇ ਫੇਸਬੁੱਕ ਨੂੰ 24 ਘੰਟਿਆਂ’ਚ ਹਟਾਉਣ ਦੇ ਹੁਕਮ ਕੀਤੇ ਜਾਰੀ

ਨਿਊਜ਼ ਪੰਜਾਬ

23 ਅਕਤੂਬਰ 2025

ਮੁੱਖ ਮੰਤਰੀ ਭਗਵੰਤ ਮਾਨ ਦੀ ਫਰਜ਼ੀ ਵੀਡੀਓ ਵਾਇਰਲ ਹੋਣ ਦੇ ਮਾਮਲੇ ਵਿੱਚ ਮੋਹਾਲੀ ਅਦਾਲਤ ਨੇ ਫੇਸਬੁੱਕ ਨੂੰ 24 ਘੰਟਿਆਂ ਵਿੱਚ ਇਸ ਤਰ੍ਹਾਂ ਦੀਆਂ ਆਪੱਤੀਜਨਕ ਪੋਸਟਾਂ ਹਟਾਉਣ ਦਾ ਹੁਕਮ ਜਾਰੀ ਕੀਤਾ ਹੈ। ਕੋਰਟ ਨੇ ਫੇਸਬੁੱਕ ਨੂੰ ਹੁਕਮ ਦਿੱਤਾ ਹੈ ਕਿ ਸਾਇਬਰ ਕਰਾਇਮ ਵਿਭਾਗ ਵੱਲੋਂ ਜਾਣਕਾਰੀ ਮਿਲਣ ਤੇ ਇਸ ਤਰ੍ਹਾਂ ਦੇ ਸਾਰੇ ਸਮੱਗਰੀ ਜਾਂ ਮਿਲਦੇ-ਜੁਲਦੇ ਆਪੱਤੀਜਨਕ ਪੋਸਟ ਤੁਰੰਤ ਹਟਾਈਆਂ ਜਾਣ ਅਤੇ ਬਲੌਕ ਕੀਤੀਆਂ ਜਾਣ। ਇਸ ਦੇ ਨਾਲ ਹੀ ਗੂਗਲ ਨੂੰ ਵੀ ਹੁਕਮ ਦਿੱਤਾ ਗਿਆ ਹੈ ਕਿ ਅਜਿਹੀ ਸਮੱਗਰੀ ਸੇਰਚ ਰਿਜ਼ਲਟ ਵਿੱਚ ਨਾ ਦਿਖਾਈ ਦੇਵੇ।

ਦੋਸ਼ੀ ਦੀ ਪਛਾਣ ਜਗਮਨ ਸਮਰਾ ਵਜੋਂ ਹੋਈ ਹੈ। ਪੰਜਾਬ ਪੁਲਿਸ ਨੇ ਵੀ ਇਸ ਮਾਮਲੇ ‘ਚ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਨੋਟਿਸ ਭੇਜਿਆ ਹੈ ਅਤੇ ਉਨ੍ਹਾਂ ਨੂੰ ਤੁਰੰਤ ਪੋਸਟ ਹਟਾਉਣ ਲਈ ਕਿਹਾ ਹੈ। ਪੁਲਿਸ ਵੱਲੋਂ ਇਸ ਸਬੰਧੀ FIR ਦੀ ਕਾਪੀ ਵੀ ਭੇਜੀ ਗਈ ਹੈ। ਜੇ ਇਸ ਤੋਂ ਬਾਅਦ ਵੀ ਵੀਡੀਓਜ਼ ਅਪਲੋਡ ਕੀਤੀਆਂ ਗਈਆਂ, ਤਾਂ ਖਾਤਾ ਬਲੌਕ ਕਰ ਦਿੱਤਾ ਜਾਵੇਗਾ।

ਜਾਣਕਾਰੀ ਮੁਤਾਬਕ, ਜਿਵੇਂ ਹੀ ਜਗਮਨ ਸਮਰਾ ਦੇ ਖਾਤੇ ਤੋਂ CM ਦੀ ਛਵੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਵੀਡੀਓਜ਼ ਆਉਣ ਲੱਗੀਆਂ, ਸਭ ਤੋਂ ਪਹਿਲਾਂ ਇਹ ਸਟੇਟ ਸਾਇਬਰ ਸੈਲ ਨੇ ਟ੍ਰੈਕ ਕੀਤੀਆਂ। ਇਸ ਤੋਂ ਬਾਅਦ ਮਾਮਲਾ ਤੁਰੰਤ ਸੀਨੀਅਰ ਅਧਿਕਾਰੀ ਦੇ ਧਿਆਨ ਵਿੱਚ ਲਿਆਇਆ ਗਿਆ। ਬੁੱਧਵਾਰ ਨੂੰ FIR ਦਰਜ ਕੀਤੀ ਗਈ ਪਰ ਇਸ ਤੋਂ ਬਾਅਦ ਉਸਨੇ ਹੋਰ 5 ਵੀਡੀਓਜ਼ ਸ਼ੇਅਰ ਕਰ ਦਿੱਤੀਆਂ, ਜਿਨ੍ਹਾਂ ਵਿੱਚ ਸਾਰਾ ਕੁਝ CM ਖ਼ਿਲਾਫ਼ ਸੀ।