ਦੇਸ਼ ਦੇ ਵੱਖ-ਵੱਖ ਖੇਤਰਾਂ ਨੂੰ ਚੌਲ ਅਤੇ ਕਣਕ ਭੇਜਣ ਦੇ ਮਾਮਲੇ ਵਿੱਚ ਜ਼ਿਲ੍ਹਾ ਲੁਧਿਆਣਾ ਸੂਬੇ ਭਰ ਵਿੱਚੋਂ ਰਿਹਾ ਅਵੱਲ

ਲੌਕਡਾੳੂਨ ਦੌਰਾਨ 44 ਲੱਖ ਕੁਇੰਟਲ ਚੌਲ ਅਤੇ 7 ਲੱਖ ਕੁਇੰਟਲ ਕਣਕ ਜ਼ਿਲ੍ਹਾ ਲੁਧਿਆਣਾ ਤੋਂ ਹੋਰ ਰਾਜਾਂ ਨੂੰ ਭੇਜੀ
-ਚੌਲ ਦੀਆਂ 159 ਅਤੇ ਕਣਕ ਦੀਆਂ 26 ਵਿਸ਼ੇਸ਼ ਰੇਲਾਂ ਭੇਜੀਆਂ-ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ
ਲੁਧਿਆਣਾ, 28 ਮਈ ( ਨਿਊਜ਼ ਪੰਜਾਬ)-ਕੋਵਿਡ 19 ਕਾਰਨ ਲਗਾਏ ਕਰਫਿੳੂ/ਲੌਕਡਾੳੂਨ ਦੇ ਚੱਲਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਵੱਲੋਂ ਸਥਾਨਕ ਲੋੜਵੰਦਾਂ ਨੂੰ ਹੀ ਰਾਸ਼ਨ ਨਹੀਂ ਪਹੰੁਚਾਇਆ ਗਿਆ ਸਗੋਂ ਜ਼ਿਲ੍ਹਾ ਲੁਧਿਆਣਾ ਨੇ ਹੋਰ ਸੂਬਿਆਂ ਨੂੰ ਚੌਲ ਅਤੇ ਕਣਕ ਭੇਜਣ ਦੇ ਮਾਮਲੇ ਵਿੱਚ ਵੀ ਪੂਰੇ ਪੰਜਾਬ ਵਿੱਚੋਂ ਅੱਵਲ ਦਰਜਾ ਹਾਸਿਲ ਕੀਤਾ ਹੈ।
ਜ਼ਿਲ੍ਹਾ ਕੰਟਰੋਲਰਾਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਲੁਧਿਆਣਾ ਸੁਖਵਿੰਦਰ ਸਿੰਘ ਗਿੱਲ ਅਤੇ ਹਰਵੀਨ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਰਚ ਮਹੀਨੇ ਜਦੋਂ ਤੋਂ ਕਰਫਿੳੂ/ਲੌਕਡਾੳੂਨ ਲਗਾਇਆ ਗਿਆ ਹੈ, ਉਦੋਂ ਤੋਂ ਹੁਣ ਤੱਕ 44 ਲੱਖ ਕੁਇੰਟਲ ਚੌਲ ਅਤੇ 7 ਲੱਖ ਕੁਇੰਟਲ ਕਣਕ ਦੇਸ਼ ਦੇ ਵੱਖ-ਵੱਖ ਰਾਜਾਂ ਨੂੰ ਵਿਸ਼ੇਸ਼ ਰੇਲਾਂ ਰਾਹੀਂ ਭੇਜੀ ਗਈ ਹੈ। ਇਹ ਸਾਰੇ ਖਾਧ ਭੰਡਾਰ ਚੌਲ ਅਤੇ ਕਣਕ ਭੇਜਣ ਲਈ ਕਰਮਵਾਰ 159 ਅਤੇ 26 ਵਿਸ਼ੇਸ਼ ਰੇਲਾਂ ਜ਼ਿਲ੍ਹਾ ਲੁਧਿਆਣਾ ਤੋਂ ਭੇਜੀਆਂ ਗਈਆਂ। ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੀ ਅਗਵਾਈ ਹੇਠ ਖੁਰਾਕ ਅਤੇ ਸਪਲਾਈ ਵਿਭਾਗ ਵੱਲੋਂ ਕੋਵਿਡ-19 ਮਹਾਂਮਾਰੀ ਦੌਰਾਨ ਲੋਕਾਂ ਨੂੰ ਸਰਕਾਰੀ ਸਹਾਇਤਾ ਦੇਣ ਲਈ ਮੋਹਰੀ ਹੋ ਕੇ ਦਿਨ ਰਾਤ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਲਾਕਡਾਊਨ/ਕਰਫਿਊ ਦੌਰਾਨ ਜ਼ਿਲ੍ਹਾ ਲੁਧਿਆਣਾ ਵਿੱਚ ਨਾਗਰਿਕਾਂ ਲਈ ਜ਼ਰੂਰੀ ਵਸਤਾਂ ਦੀ ਸਪਲਾਈ ਇੱਕ ਅਹਿਮ ਚੁਣੌਤੀ ਸੀ। ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਖੁਰਾਕ ਸਪਲਾਈ ਵਿਭਾਗ ਲੁਧਿਆਣਾ ਵੱਲੋਂ ਚੌਲ ਅਤੇ ਕਣਕ ਹੋਰਾਂ ਰਾਜਾਂ ਨੂੰ ਭੇਜਣ ਵਿੱਚ ਪਹਿਲਾ ਦਰਜਾ ਹਾਸਿਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਰਕਾਰ ਵੱਲੋਂ ਪੀ.ਐਮ.ਜੀ.ਕੇ.ਏ.ਵਾਈ. ਸਕੀਮ ਅਧੀਨ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ 15 ਕਿਲੋ ਪ੍ਰਤੀ ਜੀਅ ਅਤੇ 3 ਕਿਲੋ ਦਾਲ ਪ੍ਰਤੀ ਪਰਿਵਾਰ ਦੇ ਹਿਸਾਬ ਨਾਲ 3 ਮਹੀਨੇ ਦਾ ਮੁਫਤ ਰਾਸ਼ਨ ਦਿੱਤਾ ਜਾ ਰਿਹਾ ਹੈ । ਹਰ ਇੱਕ ਰਾਸ਼ਨ ਕਾਰਡ ਹੋਲਡਰ ਤੱਕ ਰਾਸ਼ਨ ਪੁੱਜਦਾ ਕੀਤਾ ਜਾ ਰਿਹਾ ਹੈ ।
ਉਨ੍ਹਾਂ ਕਿਹਾ ਕਿ ਲੋੜਵੰਦਾਂ ਤੱਕ ਅਨਾਜ ਦੀ ਪਹੁੰਚ ਯਕੀਨੀ ਬਣਾਉਣ ਲਈ ਵਿਸ਼ੇਸ਼ ਟੀਮਾਂ ਬਣਾ ਕੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ । ਅਣਗਹਿਲੀ ਕਰਨ ਵਾਲੇ 19 ਰਾਸ਼ਨ ਡਿਪੂਆਂ ਦੀਆਂ ਸੇਵਾਵਾਂ ਮੁਅੱਤਲ ਕੀਤੀਆਂ ਗਈਆਂ ਹਨ। ਵਿਭਾਗ ਦੇ ਅਧਿਕਾਰੀ / ਕਰਮਚਾਰੀ ਰਾਸ਼ਨ ਵੰਡ ਦੇ ਇਸ ਕੰਮ ਨੂੰ ਜਲਦੀ ਨੇਪਰੇ ਚਾੜਨ ਵਿੱਚ ਲੱਗੇ ਹੋਏ ਹਨ ਤਾਂ ਜੋ ਕੋਵਿਡ -19 ਦੌਰਾਨ ਲੋੜਵੰਦਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ । ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਲੋੜਵੰਦਾਂ ਅਤੇ ਪ੍ਰਵਾਸੀ ਮਜ਼ਦੂਰਾਂ ਲਈ ਵੰਡੀਆਂ ਜਾ ਰਹੀਆਂ ਰਾਸ਼ਨ ਕਿੱਟਾਂ ਤਿਆਰ ਕਰਨ ਲਈ ਵੀ ਵਿਭਾਗੀ ਅਧਿਕਾਰੀ ਕਰਮਚਾਰੀ ਦਿਨ ਰਾਤ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਹਨ। ਖੁਰਾਕ ਸਪਲਾਈ ਵਿਭਾਗ ਲੁਧਿਆਣਾ ਜ਼ਿਲਾ ਵਾਸੀਆਂ ਨੂੰ ਜ਼ਰੂਰੀ ਵਸਤਾਂ ਦੀ ਲਗਾਤਾਰ ਸਪਲਾਈ ਲਈ ਵਚਨਬੱਧ ਹੈ।