ਹੁਸ਼ਿਆਰਪੁਰ ਬਲਾਸਟ’ਚ ਵਧਿਆ ਮੌਤਾਂ ਦਾ ਆਂਕੜਾ;ਗੈਸ ਟੈਂਕਰ ਹਾਦਸੇ ਵਿੱਚ ਹੁਣ ਤੱਕ 7 ਲੋਕਾਂ ਦੀ ਮੌਤ 30 ਤੋਂ ਵੱਧ ਜ਼ਖਮੀ, ਲੋਕਾਂ ਨੇ ਹਾਈਵੇ ਕੀਤਾ ਜਾਮ

ਨਿਊਜ਼ ਪੰਜਾਬ

24 ਅਗਸਤ 2025

ਹੁਸ਼ਿਆਰਪੁਰ ਜ਼ਿਲ੍ਹੇ ਦੇ ਮੰਡਿਆਲਾ ਵਿੱਚ ਸ਼ੁੱਕਰਵਾਰ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰਿਆ। ਸ਼ੁਰੂ ਵਿੱਚ 2 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਲਗਭਗ 30 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਸ਼ਨੀਵਾਰ ਰਾਤ ਤੱਕ ਇਲਾਜ ਦੌਰਾਨ 5 ਲੋਕਾਂ ਦੀ ਮੌਤ ਹੋ ਗਈ। ਅੱਜ ਸਵੇਰੇ 2 ਹੋਰ ਜ਼ਖਮੀਆਂ ਦੀ ਮੌਤ ਹੋ ਗਈ। ਇਸ ਤਰ੍ਹਾਂ, ਹੁਣ ਮੌਤਾਂ ਦੀ ਕੁੱਲ ਗਿਣਤੀ 7 ਹੋ ਗਈ ਹੈ।

ਮ੍ਰਿਤਕਾਂ ਵਿੱਚ ਸੁਖਜੀਤ ਸਿੰਘ, ਬਲਵੰਤ ਰਾਏ, ਧਰਮਿੰਦਰ ਵਰਮਾ, ਵਿਜੇ, ਮਨਜੀਤ ਸਿੰਘ, ਉਨ੍ਹਾਂ ਦੀ ਪਤਨੀ ਜਸਵਿੰਦਰ ਕੌਰ ਅਤੇ ਅਰਾਧਨਾ ਵਰਮਾ ਸ਼ਾਮਲ ਹਨ। ਜ਼ਖਮੀਆਂ ਵਿੱਚ ਬਲਵੰਤ ਸਿੰਘ, ਹਰਬੰਸ ਲਾਲ, ਅਮਰਜੀਤ ਕੌਰ, ਸੁਖਜੀਤ ਕੌਰ, ਜੋਤੀ, ਸੁਮਨ, ਗੁਰੂਮੁਖ ਸਿੰਘ, ਹਰਪ੍ਰੀਤ ਕੌਰ, ਕੁਸੁਮਾ, ਭਗਵਾਨ ਦਾਸ, ਲਾਲੀ ਵਰਮਾ, ਸੀਤਾ, ਅਜੈ, ਸੰਜੇ, ਰਾਘਵ, ਪੂਜਾ, ਅਭੀ ਅਤੇ ਹੋਰ ਸ਼ਾਮਲ ਹਨ।

ਹਾਦਸੇ ਤੋਂ ਬਾਅਦ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਐਤਵਾਰ ਨੂੰ ਹਾਈਵੇਅ ‘ਤੇ ਧਰਨਾ ਦਿੱਤਾ, ਜਿਸ ਕਾਰਨ ਆਵਾਜਾਈ ਜਾਮ ਹੋ ਗਈ। ਦੱਸ ਦਈਏ ਕਿ ਸੀਸੀਟੀਵੀ ਫੁਟੇਜ ਵਿੱਚ ਹਾਦਸੇ ਦਾ ਸਮਾਂ ਸਾਫ਼ ਦਿਖਾਈ ਦੇ ਰਿਹਾ ਹੈ। ਇਹ ਹਾਦਸਾ ਸ਼ੁੱਕਰਵਾਰ ਰਾਤ 9:56 ਵਜੇ ਵਾਪਰਿਆ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਸਬਜ਼ੀਆਂ ਨਾਲ ਭਰੀ ਇੱਕ ਪਿਕ-ਅੱਪ ਗੱਡੀ ਇੱਕ ਗੈਸ ਟੈਂਕਰ ਨਾਲ ਟਕਰਾ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਗੈਸ ਤੁਰੰਤ ਲੀਕ ਹੋਣ ਲੱਗ ਪਈ। ਕੁਝ ਹੀ ਮਿੰਟਾਂ ਵਿੱਚ ਪੂਰਾ ਇਲਾਕਾ ਗੈਸ ਨਾਲ ਭਰ ਗਿਆ। ਅਚਾਨਕ ਅੱਗ ਲੱਗ ਗਈ ਅਤੇ ਕੁਝ ਹੀ ਸਮੇਂ ਵਿੱਚ ਪੂਰਾ ਪਿੰਡ ਅੱਗ ਦੇ ਗੋਲੇ ਵਿੱਚ ਬਦਲ ਗਿਆ।ਪੰਜਾਬ ਸਰਕਾਰ ਵੱਲੋਂ ਹਾਦਸੇ ‘ਚ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਵਜੋਂ 2-2 ਲੱਖ ਰੁਪਏ ਤੇ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕਰਵਾਇਆ ਜਾਵੇਗਾ।