ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ 100 ਕਰੋੜ ਦੀ ਡਰੱਗਜ਼ ਤੇ ਜਾਅਲੀ ਦਸਤਾਵੇਜ਼ਾਂ ਦਾ ਕੀਤਾ ਪਰਦਾਫਾਸ਼,5 ਤਸਕਰ ਕੀਤੇ ਗ੍ਰਿਫ਼ਤਾਰ

ਨਿਊਜ਼ ਪੰਜਾਬ

26 ਜੁਲਾਈ 2025

ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਕੌਮਾਂਤਰੀ ਡਰੱਗਜ਼ ਸਿੰਡੀਕੇਟ ਦੇ ਪੰਜ ਨਾਈਜੀਰੀਆਈ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਭਾਰਤ ਸਮੇਤ ਕਈ ਦੇਸ਼ਾਂ ਵਿਚ ਕੋਕੀਨ, ਐੱਮਡੀਐੱਮਏ ਤੇ ਗਾਂਜੇ ਵਰਗੀਆਂ ਨਸ਼ਿਆਂ ਦੀ ਸਪਲਾਈ ਕਰ ਰਹੇ ਸਨ। ਇਸ ਕਾਰਵਾਈ ’ਚ ਲਗਪਗ 100 ਕਰੋੜ ਰੁਪਏ ਮੁੱਲ ਦੀਆਂ ਵੱਖ-ਵੱਖ ਕਿਸਮਾਂ ਦੀ ਡਰੱਗਜ਼ ਬਰਾਮਦ ਕੀਤੀ ਗਈ ਹੈ।

ਇਹ ਸਿੰਡੀਕੇਟ ਮਲੇਸ਼ੀਆ, ਆਸਟ੍ਰੇਲੀਆ, ਨਿਊਜ਼ੀਲੈਂਡ, ਜਾਪਾਨ ਤੇ ਯੂਨਾਈਟਡ ਕਿੰਗਡਮ ਤੱਕ ਫੈਲਿਆ ਹੋਇਆ ਹੈ। ਗੈਂਗ ਇੰਟਰਨੈੱਟ ਮੀਡੀਆ ਜ਼ਰੀਏ ਗਾਹਕਾਂ ਨਾਲ ਸੰਪਰਕ ਕਰਦਾ ਸੀ ਤੇ ਤਸਕਰ ਫੂਡ ਡਿਲੀਵਰੀ ਮੈਨ ਵਜੋਂ ਕੰਮ ਕਰਦੇ ਸਨ। ਤਸਕਰਾਂ ਕੋਲੋਂ ਕਈ ਦੇਸ਼ਾਂ ਦੇ ਪਾਸਪੋਰਟ, ਹੋਂਡਾ ਸਿਟੀ ਕਾਰ, ਨਕਲੀ ਪਛਾਣ ਪੱਤਰ, ਮੋਬਾਈਲ ਫੋਨ ਅਤੇ 2.7 ਲੱਖ ਰੁਪਏ ਨਕਦ ਬਰਾਮਦ ਹੋਏ ਹਨ।

ਐਡੀਸ਼ਨਲ ਪੁਲਿਸ ਕਮਿਸ਼ਨਰ ਮੰਗੇਸ਼ ਕਸ਼ਿਪ ਮੁਤਾਬਕ, ਕ੍ਰਾਈਮ ਬ੍ਰਾਂਚ ਦੀ ਟੀਮ ਨੇ ਕਈ ਮਹੀਨਿਆਂ ਦੀ ਜਾਂਚ ਤੋਂ ਬਾਅਦ ਇਸ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ ਜੋ ਪੱਛਮੀ ਅਫਰੀਕਾ ਦੇ ਡਰੱਗਜ਼ ਸਰਗਨਾ ਕੈਲਿਸਟਸ ਵੱਲੋਂ ਚਲਾਇਆ ਜਾ ਰਿਹਾ ਸੀ। ਇਹ ਸਿੰਡੀਕੇਟ ਬਹੁਤ ਹੀ ਸੁਚੱਜੇ ਢੰਗ ਨਾਲ ਕੰਮ ਕਰ ਰਿਹਾ ਸੀ ਅਤੇ ਨਸ਼ਿਆਂ ਦੀ ਡਿਲੀਵਰੀ ਲਈ ਵ੍ਹਟਸਐਪ, ਜਾਅਲੀ ਦਸਤਾਵੇਜ਼ ਤੇ ਭਾਰਤ ਵਿਚ ਰਹਿਣ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਵਰਤੋਂ ਕਰਦਾ ਸੀ। ਪੁਲਿਸ ਨੇ 2.7 ਕਿੱਲੋ ਤੋਂ ਵੱਧ ਕੋਕੀਨ, ਇਕ ਕਿੱਲੋ ਐੱਮਡੀਐੱਮਏ ਅਤੇ ਇਕ ਕਿੱਲੋ ਗਾਂਜਾ ਬਰਾਮਦ ਕੀਤਾ।